ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ, ਛੱਡੀਆਂ ਪਾਣੀਆਂ ਦੀਆਂ ਬੁਛਾੜਾਂ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ, ਛੱਡੀਆਂ ਪਾਣੀਆਂ ਦੀਆਂ ਬੁਛਾੜਾਂ

image

ਕਿਸਾਨਾਂ ਨੇ ਇਕ ਟਰੈਕਟਰ ਨੂੰ ਲਾਈ ਅੱਗ, ਯੂਥ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ’ਚ ਲਿਆ
 

ਲਾਲੜੂ, 20 ਸਤੰਬਰ (ਪ੍ਰਿਤਪਾਲ ਬਾਛਲ): ਪੰਜਾਬ ਯੂਥ ਕਾਂਗਰਸ ਨੇ ਅੱਜ ਖੇਤੀਬਾੜੀ ਬਿਲਾਂ ਦਾ ਵਿਰੋਧ ਕਰਨ ਲਈ ਇਕ ਵਿਸਾਲ ਟਰੈਕਟਰ ਰੈਲੀ ਕੱਢੀ ਜੋ ਜ਼ੀਰਕੁਪਰ ਤੋਂ ਸ਼ੁਰੂ ਹੋ ਕੇ ਪੰਜਾਬ-ਹਰਿਆਣਾ ਸੀਮਾ ਤੇ ਸਥਿਤ ਪਿੰਡ ਝਰਮੜੀ ਤਕ ਪੁੱਜੀ ਅਤੇ ਮੁੱਖ ਮਾਰਗ ਦੀ ਟਰੈਫ਼ਿਕ ਕਈ ਘੰਟੇ ਪੂਰੀ ਤਰ੍ਹਾਂ ਜਾਮ ਰਹੀ। 
ਹਰਿਆਣਾ ਪੁਲਿਸ ਦੇ ਹਜ਼ਾਰਾ ਜਵਾਨਾਂ ਨੇ ਰੈਲੀ ਨੂੰ ਅੱਗੇ ਨਹੀਂ ਜਾਣ ਦਿਤਾ, ਜਦਕਿ ਇਹ ਰੈਲੀ ਦਿੱਲੀ ਤਕ ਜਾਣੀ ਸੀ। ਇਸ ਰੈਲੀ ਦੀ ਅਗਵਾਈ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨਿਵਾਸ ਅਤੇ ਪੰਜਾਬ ਦੇ ਇੰਚਾਰਜ ਕ੍ਰਿਸਨਾ ਅਲਵਾਰੋ ਸਮੇਤ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਅਤੇ ਜਨਰਲ ਸਕੱਤਰ ਉਦੇਵੀਰ ਸਿੰਘ ਢਿਲੋਂ ਨੇ ਕੀਤੀ। ਇਸ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਸ਼ਿਰਕਤ ਕੀਤੀ। 
ਇਸ ਰੈਲੀ ਦੌਰਾਨ ਸੈਂਕੜੇ ਕਿਸਾਨ ਆਪੋ ਅਪਣੇ ਟਰੈਕਟਰ ਲੈ ਕੇ ਸ਼ਾਮਲ ਹੋਏ, ਜਿਨ੍ਹਾਂ ਦੇ ਹੱਥਾਂ ਵਿਚ ਯੂਥ ਕਾਂਗਰਸ ਦੇ ਝੰਡੇ ਸਨ ਅਤੇ ਉਹ ਮੋਦੀ ਸਰਕਾਰ ਦੇ ਵਿਰੁਧ ਨਾਹਰੇਬਾਜ਼ੀ ਕਰ ਰਹੇ ਸਨ। ਕਿਸਾਨਾਂ ਨੇ ਰੋਸ ਵਜੋਂ ਇਕ ਟਰੈਕਟਰ ਨੂੰ ਅੱਗ ਲਾ ਦਿਤੀ। ਉਥੇ ਪੁਲਿਸ ਵਲੋਂ ਕਾਂਗਰਸੀ ਵਰਕਰਾਂ ’ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਯੂਥ ਕਾਂਗਰਸ ਦੇ ਆਗੂਆਂ ਨੇ ਖੇਤੀਬਾੜੀ ਬਿਲਾਂ ਨੂੰ ਵਾਪਸ ਲੈਣ ਦੀ ਜ਼ੋਰਦਾਰ ਵਕਾਲਤ ਕੀਤੀ। 
ਜਦੋਂ ਉਹ ਹਰਿਆਣਾ ਸੀਮਾ ਤੇ ਪੁੱਜੇ ਤਾਂ ਐਸ.ਪੀ ਅੰਬਾਲਾ ਅਭਿਸ਼ੇਕ ਜ਼ੋਰਵਾਲ ਦੀ ਅਗਵਾਈ ਹੇਠ ਪੁਲਿਸ ਨੇ ਸਖ਼ਤ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿਤਾ ਅਤੇ ਕਈ ਘੰਟੇ ਦੀ ਜਦੋ-ਜਹਿਦ ਅਤੇ ਪੁਲਿਸ ਨਾਲ ਹੱਥੋਪਾਈ ਤੋਂ ਬਾਅਦ ਯੂਥ ਕਾਂਗਰਸ ਦੇ ਕੁੱਝ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਬਾਅਦ ਵਿਚ ਲਾਲੜੂ ਥਾਣੇ ਵਿਚ ਲਿਆ ਕੇ ਉਨ੍ਹਾਂ ਨੂੰ ਚਿਤਾਵਨੀ ਉਪਰੰਤ ਛੱਡ ਦਿਤਾ। ਇਹ ਸਾਰਾ ਸਿਲਸਲਾ ਸ਼ਾਮੀ 4 ਵਜੇ ਤਕ ਚਲਦਾ ਰਿਹਾ।

    ਪੰਜਾਬ ਯੂਥ ਕਾਂਗਰਸ ਦੀ ਰੈਲੀ ਕਾਰਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੀ ਆਵਾਜਾਈ ਹੋਈ ਪ੍ਰਭਾਵਤ