ਥਾਣਾ ਪਾਇਲ ਦੀ ਪੁਲਿਸ ਵੱਲੋਂ ਬਜ਼ੁਰਗ ਸਿੱਖ ਦੀ ਕੁੱਟਮਾਰ ਤੇ ਲਾਹੀ ਦਸਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਏ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਇਲਜ਼ਾਮ

file photo

ਖੰਨਾ: ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦੀਆਂ ਇਹ ਤਸਵੀਰਾਂ ਥਾਣਾ ਪਾਇਲ ਦੀਆਂ ਨੇ, ਜਿੱਥੇ 10-15 ਪੁਲਿਸ ਮੁਲਾਜ਼ਮਾਂ ਨੇ ਇਕ ਸਿੱਖ ਬਜ਼ੁਰਗ ਦੀ ਕੁੱਟਮਾਰ ਕੀਤੀ ਅਤੇ ਦਸਤਾਰ ਲਾਹ ਦਿੱਤੀ।

ਇਹੀ ਨਹੀਂ, ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਆਗੂ ਇੰਜੀਨਿਅਰ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਵੀ ਕੁੱਟਮਾਰ ਕੀਤੀ ਗਈ। ਤੁਸੀਂ  ਵੀਡੀਓ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਮੁਲਾਜ਼ਮਾਂ ਵੱਲੋਂ ਇਕ ਸਿੱਖ ਬਜ਼ੁਰਗ ਨਾਲ ਕੁੱਟਮਾਰ ਕਰਦੇ ਹੋਏ ਉਸ ਦੀ ਦਸਤਾਰ ਲਾਹੀ ਜਾ ਰਹੀ ਐ ਅਤੇ ਉਸ ਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਨੇ।

ਇਸ ਸਬੰਧੀ ਗੱਲਬਾਤ ਕਰਦਿਆਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਉਹ ਪੰਚਾਇਤ ਅਤੇ ਬਲਾਕ ਅਫ਼ਸਰ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੇ ਸਨ, ਜਿਸ ਨੇ ਗ਼ਰੀਬਾਂ ਨੂੰ ਕੱਚੇ ਮਕਾਨਾਂ ਦੇ ਪੈਸੇ ਦਿਵਾਉਣ ਦੇ ਨਾਂ ’ਤੇ 10-10 ਹਜ਼ਾਰ ਰੁਪਏ ਲਏ ਸਨ।

ਜਦੋਂ ਪੁਲਿਸ ਨੇ ਸ਼ਿਕਾਇਤ ਦਰਜ ਨਹੀਂ ਕੀਤੀ ਤਾਂ ਉਨ੍ਹਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ। ਐਸਐਚਓ ਨੇ ਜਦੋਂ ਗੱਲਬਾਤ ਕਰਨ ਲਈ ਉਸ ਨੂੰ ਅੰਦਰ  ਬੁਲਾਇਆ ਤਾਂ ਉਥੇ ਕੁੱਝ ਪੁਲਿਸ ਮੁਲਾਜ਼ਮਾਂ ਨੇ ਗਲ ਵਿਚ ਰੱਸੀ ਪਾ ਕੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। 

ਬੀਤੇ ਦਿਨ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਉਨ੍ਹਾਂ ਦੇ ਬਹੁਤ ਸਾਰੇ ਸਾਥੀ ਥਾਣੇ ਵਿਚ ਸ਼ਿਕਾਇਤ ਲੈ ਕੇ ਪੁੱਜੇ ਸਨ ਪਰ ਸ਼ਿਕਾਇਤ ਦਰਜ ਨਾ ਕਰਨ ’ਤੇ ਉਨ੍ਹਾਂ ਨੇ ਥਾਣੇ ਵਿਚ ਹੀ ਧਰਨਾ ਲਗਾ ਦਿੱਤਾ ਸੀ। 

ਦੱਸ ਦਈਏ ਕਿ ਇੰਜੀਨਿਅਰ ਮਨਵਿੰਦਰ ਸਿੰਘ ਗਿਆਸਪੁਰਾ ਉਹ ਸਿੱਖ ਆਗੂ ਨੇ, ਜਿਨ੍ਹਾਂ ਨੇ 1984 ਦੌਰਾਨ ਹਰਿਆਣਾ ਦੇ ਹੋਂਦ ਚਿੱਲੜ ਵਿਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਜੱਗ ਜ਼ਾਹਿਰ ਕੀਤਾ ਸੀ।

ਇਸ ਲਈ ਪੰਥਕ ਜਥੇਬੰਦੀਆਂ ਵਿਚ ਵੀ ਉਨ੍ਹਾਂ ਦਾ ਚੰਗਾ ਮਾਣ ਸਤਿਕਾਰ ਹੈ। ਫਿਲਹਾਲ ਉਹ ਲੋਕ ਇਨਸਾਫ਼ ਪਾਰਟੀ ਨਾਲ ਜੁੜੇ ਹੋਏ ਨੇ ਅਤੇ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਨੇ। ਹੁਣ ਜਦੋਂ ਪੁਲਿਸ ਨੇ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਏ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਕੀ ਕਦਮ ਉਠਾਉਂਦੀ ਐ ਅਤੇ ਕਿਹੜੀਆਂ ਪੰਥਕ ਜਥੇਬੰਦੀਆਂ ਉਨ੍ਹਾਂ ਦੇ ਨਾਲ ਖੜ੍ਹਦੀਆਂ ਨੇ।