ਅਕਾਲੀ ਦਲ ਨੇ ਕੁਰਸੀ ਤਾਂ ਛੱਡ ਦਿੱਤੀ ਪਰ ਭਾਜਪਾ ਨਾਲ ‘ਜੱਫੀ’ ਜਾਰੀ ਏ - ਲਾਲ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਇਹ ਤਿੰਨੋਂ ਕਾਨੂੰਨ ਪੰਜਾਬ, ਪੰਜਾਬ ਦੀ ਕਿਸਾਨੀ, ਮਜ਼ਦੂਰਾਂ, ਵਪਾਰੀਆਂ ਅਤੇ ਆੜ੍ਹਤੀਆਂ ਨੂੰ ਤਬਾਹ ਕਰ ਦੇਣਗੇ

Lal Singh

ਚੰਡੀਗੜ੍ਹ- ਕਿਸਾਨ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਆਕਾਲੀ ਦਲ ਵਿਰੁੱਧ ਬੋਲਦਿਆ ਕਿਹਾ ਕਿ ਜਿਸ ਤਰ੍ਹਾਂ ਕਿਸੇ ਮਜ਼ਬੂਰੀ ਕਾਰਨ ਅਤੇ ਸਮਾਂ ਟਪਾਉਣ ਲਈ ਪਤੀ-ਪਤਨੀ ਸਿਰਫ਼ ਕਾਗਜ਼ਾਂ ’ਚ ਤਲਾਕ ਲੈ ਕੇ ਸਮਾਜ ਅਤੇ ਅਦਾਲਤਾਂ ਦੀ ਨਜ਼ਰ ’ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਸਾਨ ਬਿੱਲਾਂ ਦੇ ਮਾਮਲੇ ’ਤੇ ਅਕਾਲੀ ਦਲ ਨੇ ਇਸੇ ਤਰ੍ਹਾਂ ਹੀ ਕੀਤਾ ਹੈ।

ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਅਤੇ ਚੀਚੀ ’ਤੇ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਨਾਲ ਸੁਖਬੀਰ ਬਾਦਲ ਨੇ ਆਪਣੀ ਧਰਮ ਪਤਨੀ ਤੋਂ ਅਸਤੀਫ਼ਾ ਦਵਾ ਕੇ ਕੁਰਸੀ ਤਾਂ ਛੱਡਵਾ ਦਿੱਤੀ ਹੈ ਪਰ ਅਜੇ ਤੱਕ ਕਿਸਾਨ ਵਿਰੋਧੀ ਭਾਜਪਾ ਨਾਲ ‘ਜੱਫੀ’ ਜਾਰੀ ਹੈ। ਲਾਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਕਾਗਜ਼ਾਂ ’ਚ ਤਾਂ ਤਲਾਕ ਲੈ ਲਿਆ ਹੈ ਪਰ ਦੋਨੋਂ ਇੱਕੋ ਹੀ ਘਰ ’ਚ ਰਹਿ ਰਹੇ ਹਨ। ਅਜਿਹੇ ’ਚ ਲੋਕ ਕਿਵੇਂ ਵਿਸ਼ਵਾਸ਼ ਕਰਨ ਕਿ ਉਹ ਕਿਸਾਨਾਂ ਦੇ ਨਾਲ ਹਨ।

ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਮਜ਼ਬੂਤ ਲੀਡਰ ਦੀ ਅਗਵਾਈ ਹੇਠ ਪੰਜਾਬ ਦੀਆਂ ਸਮੁੱਚੀਆਂ ਪੰਜਾਬ ਤੇ ਕਿਸਾਨ ਹਿਤੈਸ਼ੀ ਪਾਰਟੀਆਂ ਤੇ ਸੰਗਠਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ਼ ਸੰਘਰਸ਼ ’ਚ ਇਕੱਠੇ ਹੋਣ। ਲਾਲ ਸਿੰਘ ਨੇ ਕਿਹਾ ਕਿ ਇਹ ਤਿੰਨੋਂ ਕਾਨੂੰਨ ਪੰਜਾਬ, ਪੰਜਾਬ ਦੀ ਕਿਸਾਨੀ, ਮਜ਼ਦੂਰਾਂ, ਵਪਾਰੀਆਂ ਅਤੇ ਆੜ੍ਹਤੀਆਂ ਨੂੰ ਤਬਾਹ ਕਰ ਦੇਣਗੇ।

ਪੂਰੇ ਪੰਜਾਬ ਦੀ ਆਰਥਿਕ ਹਾਲਤ ਤਹਿਸ-ਨਹਿਸ ਹੋ ਜਾਵੇਗੀ। ਇਨ੍ਹਾਂ ਕਾਨੂੰਨਾਂ ਦੇ ਸਿੱਟੇ ਕਾਫੀ ਭਿਆਨਕ ਨਿਕਲ ਸਕਦੇ ਹਨ ਅਤੇ ਪੰਜਾਬ ਤੇ ਦੇਸ਼ ਦੇ ਹਾਲਾਤ ਖ਼ਰਾਬ ਹੋ ਸਕਦੇ ਹਨ, ਜਿਸ ਦਾ ਖਦਸ਼ਾ ਪੰਜਾਬ ਦੇ ਮੁੱਖ ਮੰਤਰੀ ਪ੍ਰਗਟ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਜਨਤਾ ਦੀ ਆਵਾਜ਼ ਸੁਣੇ। ਸਿਰਫ਼ ਆਪਣੇ ਹੰਕਾਰ ਕਾਰਨ ਇਹ ਕਾਲੇ ਕਾਨੂੰਨ ਲੋਕਾਂ ’ਤੇ ਨਾ ਥੋਪਣ।