ਖੇਤੀਬਾੜੀ ਬਿਲ ਵਿਚ ਕਿਸਾਨ ਵਿਰੋਧੀ ਕੁੱਝ ਵੀ ਨਹੀਂ : ਅਸ਼ਵਨੀ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀਬਾੜੀ ਬਿਲ ਵਿਚ ਕਿਸਾਨ ਵਿਰੋਧੀ ਕੁੱਝ ਵੀ ਨਹੀਂ : ਅਸ਼ਵਨੀ ਸ਼ਰਮਾ

image

ਚੰਡੀਗੜ੍ਹ, 21 ਸਤੰਬਰ (ਨੀਲ ਭÇਲੰਦਰ ਸਿੰਘ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀਬਾੜੀ ਅਤੇ ਕਿਸਾਨੀ ਸਬੰਧੀ ਸੰਸਦ ਵਿਚ ਪਾਸ ਕੀਤੇ ਗਏ ਆਰਡੀਨੈਂਸਾਂ ਬਾਰੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਕੋਰ ਗਰੁਪ ਦੀ ਇਕ ਮੀਟਿੰਗ ਸੂਬਾ ਭਾਜਪਾ ਦਫ਼ਤਰ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਸਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕੇਂਦਰ ਸਰਕਾਰ ਦਾ ਧਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸੱਕਤਰ ਤਰੁਣ ਚੁੱਘ, ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਰਾਜਿੰਦਰ ਭੰਡਾਰੀ, ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਮਲਵਿੰਦਰ ਸਿੰਘ ਕੰਗ ਆਦਿ ਹਾਜ਼ਰ ਸਨ।

image

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸਾਰੇ ਬਿਲਾਂ ਵਿਚ ਕਿਸਾਨਾਂ ਵਿਰੁਧ ਕੋਈ ਸ਼ਬਦ ਨਹੀਂ ਹੈ। ਸ਼ਰਮਾ ਨੇ ਸੰਸਦ ਵਿਚ ਪਾਸ ਕੀਤੇ ਇਨ੍ਹਾਂ ਬਿਲਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਾਰੇ ਨੇਤਾਵਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਇਨ੍ਹਾਂ ਬਿਲਾਂ ਨੂੰ ਪੜ੍ਹ ਲੈਣ ਅਤੇ ਕਿਹਾ ਕਿ ਇਸ ਵਿਚ ਕੁਝ ਵੀ ਕਿਸਾਨ ਵਿਰੋਧੀ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਅਗਲੇ ਹਫ਼ਤੇ ਹਾੜ੍ਹੀ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਜਾ ਰਹੀ ਹੈ, ਜਦੋਂਕਿ ਕਿਸਾਨਾਂ ਦੀ ਪਿਛਲੀ ਫ਼ਸਲ ਵੀ ਸਰਕਾਰੀ ਏਜੰਸੀਆਂ ਨੇ ਕੇਂਦਰ ਵਲੋਂ ਨਿਰਧਾਰਤ ਕੀਤੇ ਘੱਟੋ ਘੱਟ ਸਮਰਥਨ ਮੁੱਲ ’ਤੇ ਖ਼ਰੀਦੀ ਸੀ।


ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤ ਸਰਕਾਰ, ਖੇਤੀਬਾੜੀ ਅਤੇ ਖੇਤੀਬਾੜੀ ਵਿਗਿਆਨੀ ਮੰਤਰਾਲੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢੇ ਲਾ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਾਜਬ ਭਾਅ ਮੁਹਈਆ ਕਰਾਉਣ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੇ ਜਿਉਣ ਦੇ ਢੰਗ ਵਿਚ ਤਬਦੀਲੀਆਂ ਲਿਆਉਣ ਦੇ ਮਿਸ਼ਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ 1 ਲੱਖ ਕਰੋੜ ਦਾ ਖੇਤੀਬਾੜੀ ਢਾਂਚਾ ਫ਼ੰਡ ਸਥਾਪਤ ਕੀਤਾ ਗਿਆ ਹੈ। ਦੇਸ਼ ਵਿਚ 10 ਹਜ਼ਾਰ ਕਿਸਾਨ ਉਤਪਾਦਕ ਸਮੂਹ (ਐਫ਼.ਪੀ.ਓ) ਸਥਾਪਤ ਕੀਤੇ ਜਾ ਰਹੇ ਹਨ। ਸ਼ਰਮਾ ਨੇ ਕਿਹਾ ਕਿ ਸਰਕਾਰ ਦਾ ਹਰ ਕਦਮ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਲਾਭ ਮੁਹਈਆ ਕਰਵਾਉਣਾ ਰਿਹਾ ਹੈ।