ਜ਼ੀਰਕਪੁਰ, 20 ਸਤੰਬਰ (ਐਸ ਅਗਨੀਹੋਤਰੀ): ਖੇਤੀਬਾੜੀ ਬਿਲ ਦੇ ਵਿਰੋਧ ਵਿਚ ਐਤਵਾਰ ਨੂੰ ਬਿਲਾਂ ਵਿਰੁਧ ਪੰਜਾਬ ਯੂਥ ਕਾਂਗਰਸ ਦੇ ਨੌਜਵਾਨਾਂ ਦਾ ਜਥਾ ਜ਼ੀਰਕਪੁਰ ਅੰਬਾਲਾ ਹਾਈਵੇ ਤੇ ਮੈਕਡੋਨਾਲਡ ਚੌਕ ਤੇ ਇੱਕਤਰ ਹੋਏ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਟਰੈਕਟਰਾਂ ’ਤੇ ਦਿੱਲੀ ਵਲ ਨੂੰ ਕੂਚ ਕੀਤਾ। ਟਰੈਕਟਰ ਰੈਲੀ ਜ਼ੀਰਕਪੁਰ ਵਿਚ ਡਿਕੈਥਲਾਨ ਦੇ ਪੁਰਾਣੀ ਸਾਈਟ ਤੋਂ ਸ਼ੁਰੂ ਹੋ ਕੇ ਅੰਬਾਲਾ-ਚੰਡੀਗੜ੍ਹ ਹਾਈਵੇਅ ਤੋਂ ਹੁੰਦੀ ਹੋਈ ਦਿੱਲੀ ਲਈ ਕੂਚ ਕੀਤਾ। ਰੈਲੀ ਵਿਚ ਕਿਸਾਨ ਵੀ ਸ਼ਾਮਲ ਹਨ।
ਰੈਲੀ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ, ਯੂਥ ਕਾਂਗਰਸ ਦੇ ਮਹਾ ਸਕੱਤਰ ਉਦੈਵੀਰ ਸਿੰਘ ਢਿੱਲੋਂ, ਦਿੱਲੀ ਯੂਥ ਕਾਂਗਰਸ ਪ੍ਰਧਾਨ ਸ੍ਰੀਨਿਵਾਸ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਹਲਕਾ ਕਾਂਗਰਸ ਇੰਚਾਰਜ ਦੀਪਇੰਦਰ ਢਿੱਲੋਂ ਕਰ ਰਹੇ ਹਨ। ਇਸ ਮੌਕੇ ਯੂਥ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਟਰੈਕਟਰਾਂ ਉੱਤੇ ਸਵਾਰ ਹੋ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਮੁੜ ਚਿਤਾਵਨੀ ਦਿਤੀ ਕਿ ਇਹ ਕਾਨੂੰਨ ਸਰਹੱਦੀ ਸੂਬੇ ਦੇ ਲੋਕਾਂ ਵਿਚ ਰੋਹ ਭਾਵਨਾ ਪੈਦਾ ਕਰਨਗੇ ਜਿਸ ਨਾਲ ਪਾਕਿਸਤਾਨ ਨੂੰ ਹੋਰ ਅੱਗ ਭੜਕਾਉਣ ਦਾ ਮੌਕਾ ਮਿਲ ਜਾਵੇਗਾ। ਜਾਖੜ ਨੇ ਕਿਹਾ ਕਿ ਇਹ ਕਿਸਾਨ ਵਿਰੋਧੀ ਕਦਮ ਪੰਜਾਬ ਦੀ ਆਬੋ-ਹਵਾ ਨੂੰ ਖ਼ਰਾਬ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ’ਤੇ ਮੁੜ ਵਿਚਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਮੁਲਕ ਦੀ ਅੰਨ ਸੁਰੱਖਿਆ ਲਈ ਪੰਜਾਬ ਅਤੇ ਇਥੋਂ ਦੇ ਕਿਸਾਨਾਂ ਵਲੋਂ 65 ਸਾਲਾਂ ਵਿਚ ਕੀਤੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਮਿਲਾ ਦੇਣਗੇ।
image