ਸਪੋਕਸਮੈਨ ਵਿਚ ਛਪੀ ਖ਼ਬਰ ਤੋਂ ਬਾਅਦ ਕਿਰਤੀ ਸਿੱਖਾਂ ਦੇ ਦਬਾਅ ਦੇ ਚਲਦਿਆਂ ਪੜਤਾਲ ਲਈ ‘ਜਥੇਦਾਰਾਂ’ ਨੇ

ਏਜੰਸੀ

ਖ਼ਬਰਾਂ, ਪੰਜਾਬ

ਸਪੋਕਸਮੈਨ ਵਿਚ ਛਪੀ ਖ਼ਬਰ ਤੋਂ ਬਾਅਦ ਕਿਰਤੀ ਸਿੱਖਾਂ ਦੇ ਦਬਾਅ ਦੇ ਚਲਦਿਆਂ ਪੜਤਾਲ ਲਈ ‘ਜਥੇਦਾਰਾਂ’ ਨੇ ਗਠਤ ਕੀਤੀ 5 ਮੈਂਬਰੀ ਕਮੇਟੀ

image

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਕੁਲਵਿੰਦਰ ਜੀਤ ਸਿੰਘ ਭਾਟੀਆ, ਸੁਖਵਿੰਦਰਪਾਲ ਸਿੰਘ ਸੁੱਖੂ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਬੇਅਦਬੀ ਦੀ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਮਾਰੀ ਫੇਰੀ ਦੌਰਾਨ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਸ਼ਾਬਾਸ਼ੀ ਦਿਤੀ ਗਈ ਸੀ, ਪਰ ਐਨ ਮੌਕੇ ’ਤੇ ਸਪੋਕਸਮੈਨ ਵਲੋਂ ਹਰ ਵਾਰ ਦੀ ਤਰ੍ਹਾਂ ਅਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਰਦਾਫ਼ਾਸ਼ ਕੀਤਾ ਸੀ ਕਿ ਬੇਅਦਬੀ ਕਰਨ ਵਾਲੇ ਮੁਲਜ਼ਮ ਪਰਮਜੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਨਹੀਂ ਫੜਿਆ ਸੀ ਸਗੋਂ ਇਕ ਪੁਲਿਸ ਦੇ ਥਾਣੇਦਾਰ ਨੇ ਸੰਗਤਾਂ ਦੇ ਰੌਲੇ ਤੋਂ ਬਾਅਦ ਕਾਬੂ ਕੀਤਾ ਸੀ ਅਤੇ ਮੌਕੇ ’ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਹਾਜ਼ਰ ਹੀ ਨਹੀਂ ਸਨ, ਤੋਂ ਬਾਅਦ ਸੰਗਤਾਂ ਵਿਚ ਭਾਰੀ ਰੋਸ ਹੋ ਗਿਆ ਸੀ ਅਤੇ ਰੋਸ ਮੋਰਚੇ ’ਤੇ ਬੈਠੇ ਕਿਰਤੀ ਸਿੱਖਾਂ ਨੇ ਮੰਗ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਅਪਣੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰ ਕੇ ਸਜ਼ਾ ਦੇਵੇ।
ਇਸ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਨੇ ਬੀਬੀ ਜਗੀਰ ਕੌਰ ਦੇ ਸ਼ਾਬਾਸ਼ੀ ਵਾਲੇ ਬਿਆਨ ਤੋਂ ਪੈਰ ਪਿੱਛੇ ਖਿਚਦਿਆਂ ਜਾਂਚ ਲਈ ਇਕ ਕਮੇਟੀ ਬਣਾ ਦਿਤੀ ਹੈ, ਪਰ ਇਸ ਵਿਚ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਮੇਟੀ ਵਿਚ ਤਖ਼ਤ ਸਾਹਿਬ ਦੇ ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ. ਸੁਰਿੰਦਰ ਸਿੰਘ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦਸਣਾ ਬਣਦਾ ਹੈ ਕਿ ਪਸ਼ਚਾਤਾਪ ਕਰ ਰਹੇ ਕਿਰਤੀ ਸਿੱਖਾਂ ਵਲੋਂ ਪਿਛਲੇ ਦਿਨੀਂ ਸਪੋਕਸਮੇੈਨ ਕੋਲ ਇਨ੍ਹਾਂ ਦੋਵਾਂ ਮੈਂਬਰਾਂ ਦੇ ਪਸ਼ਚਾਤਾਪ ਕਰਨ ਵਾਲਿਆਂ ਦਰੀ ਤਕ ਵੀ ਨਾ ਦੁਆਉਣ ਤੋਂ ਇਲਾਵਾਂ ਕਈ ਗੰਭੀਰ ਦੋਸ਼ ਲਗਾਏ ਸਨ। ਜਿਸ ਦੀ ਜਾਣਕਾਰੀ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵਲੋਂ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ’ਤੇ ਵਿਸਥਾਰ ਨਾਲ ਵਿਚਾਰ ਕਰਨ ਉਪਰੰਤ ਮਾਹਰਾਂ ਦੀ 5 ਮੈਂਬਰੀ ਪੜਤਾਲੀਆਂ ਕਮੇਟੀ ਦਾ ਗਠਤ ਕੀਤੀ ਹੈ। 
ਕਮੇਟੀ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਦਸਿਆ ਕਿ ਕਮੇਟੀ ’ਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਸੀਨੀਅਰ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਗੁਰਬਖ਼ਸ਼ ਸਿੰਘ ਖ਼ਾਲਸਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਮੈਂਬਰ ਹਿਮਾਚਲ ਪ੍ਰਦੇਸ਼ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਸ. ਪ੍ਰਤਾਪ ਸਿੰਘ ਸ਼ਾਮਲ ਹੋਣਗੇ । ਇਹ ਕਮੇਟੀ ਤਖ਼ਤ ਸਾਹਿਬ ਵਿਖੇ ਵਾਪਰੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਕੇ 25 ਸਤੰਬਰ, 2021 ਤਕ ਅਪਣੀ ਰੀਪੋਰਟ ‘ਜਥੇਦਾਰਾਂ’ ਅੱਗੇ ਪੇਸ਼ ਕਰੇਗੀ। ਜੋ ਅਗਲੇਰੀ ਕਾਰਵਾਈ ਲਈ ਸ਼ੋਮਣੀ ਕਮੇਟੀ ਨੂੰ ਭੇਜੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਦੋਸ਼ੀ ਨੂੰ ਉਸ ਦੇ ਗੁਨਾਹ ਦੀ ਸਜ਼ਾ ਦਿਵਾਉਣ ਦੀ ਬਜਾਏ ਪਹਿਲੇ ਵਾਪਰੇ ਬੇਅਦਬੀ ਕੇਸਾਂ ਦੀ ਤਰ੍ਹਾਂ ਪਾਗਲ, ਨਸ਼ਈ ਅਤੇ ਮਾਨਸਕ ਰੋਗੀ ਕਰਾਰ ਦੇ ਕੇ ਕੇਸ ਨੂੰ ਫ਼ਾਇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਸ ਮੌਕੇ ਉਨ੍ਹਾਂ ਨਾਲ ਕਾਰਜਕਾਰਨੀ ਕਮੇਟੀ ਮੈਂਬਰ ਸ. ਅਜਮੇਰ ਸਿੰਘ ਖੇੜਾ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ: ਸੁਰਿੰਦਰ ਸਿੰਘ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਆਦਿ ਹਾਜ਼ਰ ਸਨ।