CM ਦੇ ਆਦੇਸ਼ਾਂ 'ਤੇ BR Ambedkar ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਨੀ ਵੱਲੋਂ ਪੁਲਿਸ ਨੂੰ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ

On CM's Direction Police Arrests Person Who Tried To Damage Baba Sahib Ambedkar's Statue

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਸੋਮਵਾਰ ਦੀ ਅੱਧੀ ਰਾਤ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਫਿਲੌਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਸ਼ਨਾਖ਼ਤ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਹੁਸਨ ਨਿਜਰਾ ਵਿਚ ਪਿੰਡ ਜਵਾਨੀਆ ਦਾ ਵਾਸੀ ਭਿਖੂ ਮੀਨਾ (25) ਵਜੋਂ ਹੋਈ ਹੈ। ਭਿਖੂ ਮੀਨਾ ਨੇ ਪੱਥਰ ਅਤੇ ਗਮਲਾ ਸੁੱਟ ਕੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।

ਹੋਰ ਪੜ੍ਹੋ: ਬਹੁਮਤ ਤੋਂ ਖੁੰਝੇ ਪਰ ਸੱਤਾ ਵਿਚ ਬਣੇ ਰਹਿਣਗੇ ਜਸਟਿਨ ਟਰੂਡੋ, ਟਵੀਟ ਕਰਕੇ ਜਨਤਾ ਦਾ ਕੀਤਾ ਧੰਨਵਾਦ

ਇਸ ਘਟਨਾ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਅਤੇ ਦੁਖਦਾਇਕ ਘਟਨਾ ਕਰਾਰ ਦਿੱਤਾ ਹੈ ਜਿਸ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਅੰਬੇਦਕਾਰ ਦਾ ਸਤਿਕਾਰ ਕਰਨ ਵਾਲੇ ਸਮੂਹ ਲੋਕਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ। ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਜਿਹੇ ਘਿਨਾਉਣੇ ਕਾਰਿਆਂ ਵਿਚ ਸ਼ਾਮਲ ਅਨਸਰਾਂ ਖਿਲਾਫ਼ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਹੋਰ ਪੜ੍ਹੋ: ਕਰਨਾਟਕ ਦੇ ਮੁੱਖ ਮੰਤਰੀ ਦਾ ਵਿਵਾਦਤ ਬਿਆਨ, ਕਿਸਾਨ ਅੰਦੋਲਨ ਨੂੰ ਦੱਸਿਆ ‘ਕਾਂਗਰਸ ਪ੍ਰਾਯੋਜਿਤ’

ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬੇ ਵਿਚ ਬਹੁਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਪੁਲਿਸ ਮੁਖੀ ਨੂੰ ਸੂਬੇ ਦੇ ਕੋਨੇ-ਕੋਨੇ ਵਿਚ ਚੌਕਸੀ ਵਧਾਉਣ ਦੇ ਹੁਕਮ ਪਹਿਲਾਂ ਹੀ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੇ ਹਾਲਾਤ ਸਦਾ ਹੀ ਸੰਵੇਦਨਸ਼ੀਲ ਰਹਿੰਦੇ ਹਨ ਪਰ ਸੂਬਾ ਸਰਕਾਰ ਇਸ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੰਜਾਬ ਵਿਚ ਬੇਚੈਨੀ ਪੈਦਾ ਕਰਨ ਦੀ ਕੋਸ਼ਿਸ਼ਾਂ ਵਾਲੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤੱਤਾਂ ਦੇ ਨਾਪਾਕ ਇਰਾਦਿਆਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ।

ਹੋਰ ਪੜ੍ਹੋ: ਸੁਖਬੀਰ ਬਾਦਲ ਨੂੰ ਬਲਬੀਰ ਸਿੰਘ ਰਾਜੇਵਾਲ ਦਾ ਜਵਾਬ, 'ਕਿਸਾਨੀ ਸੰਘਰਸ਼ ਨੂੰ ਬਦਨਾਮ ਕਰ ਰਿਹਾ ਅਕਾਲੀ ਦਲ'

ਲੋਕਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਲਈ ਅਪੀਲ ਕਰਦਿਆਂ  ਚੰਨੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮ ਰੋਲ ਅਦਾ ਕੀਤਾ ਜਾਵੇ ਤਾਂ ਕਿ ਪੰਜਾਬ ਵਿਚ ਹੋਰ ਵੀ ਵਧੇਰੇ ਸ਼ਾਂਤੀਪਸੰਦ ਅਤੇ ਸਦਭਾਵਨਾ ਵਾਲੇ ਮਾਹੌਲ ਸਿਰਿਜਆ ਜਾ ਸਕੇ।