ਕੈਪਟਨ ਨੇ ਕਾਫ਼ੀ ਚੰਗੇ ਕੰਮ ਕੀਤੇ ਹਨ ਅਤੇ ਬਾਕੀ ਰਹਿੰਦੇ ਕੰਮ ਅਸੀਂ ਪੂਰੇ ਕਰਾਂਗੇ : ਚੰਨੀ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੇ ਕਾਫ਼ੀ ਚੰਗੇ ਕੰਮ ਕੀਤੇ ਹਨ ਅਤੇ ਬਾਕੀ ਰਹਿੰਦੇ ਕੰਮ ਅਸੀਂ ਪੂਰੇ ਕਰਾਂਗੇ : ਚੰਨੀ

image


18 ਨੁਕਾਤੀ ਏਜੰਡਾ ਬਾਕੀ ਰਹਿੰਦੇ ਸਮੇਂ ਵਿਚ ਪੂਰਾ ਕੀਤਾ ਜਾਵੇਗਾ

ਚੰਡੀਗੜ੍ਹ, 20 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਅਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਕਈ ਅਹਿਮ ਐਲਾਨ ਕੀਤੇ ਹਨ | ਉਨ੍ਹਾਂ ਕਿਹਾ ਕਿ ਉਹ ਇਕ ਆਮ ਆਦਮੀ ਹਨ | ਗ਼ਰੀਬ ਲੋਕਾਂ ਦੇ ਨੁਮਾਇੰਦੇ ਹਨ ਨਾ ਕਿ ਅਮੀਰਾਂ ਦੇ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਕਾਰਜਕਾਲ ਵਿਚ ਕਾਫ਼ੀ ਚੰਗੇ ਕੰਮ ਕੀਤੇ ਹਨ ਅਤੇ ਬਾਕੀ ਰਹਿੰਦੇ ਕੰਮ ਅਸੀਂ ਪੂਰੇ ਕਰਾਂਗੇ |
18 ਨੁਕਾਤੀ ਏਜੰਡਾ ਸਰਕਾਰ ਦੇ ਬਾਕੀ ਰਹਿੰਦੇ ਸਮੇਂ ਵਿਚ ਪੂਰਾ ਕੀਤਾ ਜਾਵੇਗਾ | ਲੋਕਾਂ ਨੂੰ  ਸਸਤੀ ਬਿਜਲੀ ਮੁਹਈਆ ਕਰਵਾਈ ਜਾਵੇਗੀ ਅਤੇ ਪਿੰਡਾਂ ਵਿਚ ਪਾਣੀ ਦੇ ਰਹਿੰਦੇ ਬਕਾਇਦਾ ਬਿਲ ਮਾਫ਼ ਕੀਤੇ ਜਾਣਗੇ | ਕੱਟੇ ਹੋਏ ਕੁਨੈਕਸ਼ਨ ਬਹਾਲ ਕੀਤੇ ਜਾਣਗੇ | ਮੁਲਾਜ਼ਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਾਜ਼ਮ ਸਾਡੀ ਜਿੰਦਜਾਨ ਹਨ ਅਤੇ ਸਰਕਾਰ ਦੇ ਕੰਮ ਇਹੀ ਚਲਾਉਂਦੇ ਹਨ | ਅਸੀ ਮੁਲਾਜ਼ਮਾਂ ਦੇ ਰਹਿੰਦੇ ਬਕਾਏ ਦੇਵਾਂਗੇ ਅਤੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ | ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਹੋਰ ਸਾਰੇ ਮਸਲੇ ਵੀ ਹੱਲ ਕਰ ਦਿਤੇ ਜਾਣਗੇ ਪਰ ਕੁੱਝ ਦਿਨਾਂ ਦਾ ਸਮਾਂ ਦਿਤਾ ਜਾਵੇ | ਉਨ੍ਹਾਂ ਮੁਲਾਜ਼ਮਾਂ ਨੂੰ  ਚਲ ਰਹੇ ਅੰਦੋਲਨ ਵਾਪਸ ਲੈਣ ਦੀ ਵੀ ਅਪੀਲ ਕੀਤੀ | 
ਕਿਸਾਨਾਂ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ  ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਅਤੇ ਸਾਡੀ ਪਾਰਟੀ ਤੇ ਸਰਕਾਰ ਕਿਸਾਨਾਂ ਦੇ ਅੰਦੋਲਨ ਦਾ ਪੂਰਾ ਸਮਰਥਨ ਕਰਦੀ ਹੈ | ਕਿਸਾਨਾਂ ਨੂੰ  ਸੂਬੇ ਵਿਚ ਆਂਚ ਨਹੀਂ ਆਉਣ ਦਿਤੀ ਜਾਵੇਗੀ ਅਤੇ ਮੈਂ ਕਿਸਾਨਾਂ ਲਈ ਅਪਣਾ ਸਿਰ ਕਲਮ ਕਰਵਾਉਣ ਲਈ ਵੀ ਤਿਆਰ ਹਾਂ | ਉਨ੍ਹਾਂ ਕਿਹਾ ਕਿ ਕੇਂਦਰ ਨੂੰ  ਸਮਝਣਾ ਚਾਹੀਦਾ ਹੈ ਕਿ ਜੇ ਕਿਸਾਨ ਡੁੱਬ ਗਿਆ ਤਾਂ ਦੇਸ਼ ਵੀ ਡੁੱਬ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਸੂਬੇ ਵਿਚ ਰੇਤ ਜਾਂ ਹੋਰ ਕਿਸੇ ਤਰ੍ਹਾਂ ਦਾ ਮਾਫ਼ੀਆ ਹੋਣ ਦਾ ਸ਼ਬਦ ਨਹੀਂ ਸੁਣਨਾ ਚਾਹੁੰਦੇ ਅਤੇ ਮੈਨੂੰ ਅਜਿਹੇ ਮਾਫ਼ੀਆ ਨਾਲ ਜੁੜੇ ਲੋਕ ਮਿਲਣ ਦੀ ਵੀ ਕੋਸ਼ਿਸ਼ ਨਾ ਕਰਨ | ਇਹ ਸੱਭ ਕੁੱਝ ਖ਼ਤਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਰਗਾੜੀ ਤੇ ਹੋਰ ਬੇਅਦਬੀ ਦੇ ਮਾਮਲੇ ਵੀ ਅੱਗੇ ਨਹੀਂ ਪਾਏ ਜਾਣਗੇ ਅਤੇ ਇਸ ਸਬੰਧ ਵਿਚ ਕਾਰਵਾਈ ਹੋਵੇਗੀ |
ਪੁਲਿਸ ਵੀ ਨਿਰਦੋਸ਼ ਲੋਕਾਂ ਨੂੰ  ਪ੍ਰੇਸ਼ਾਨ ਨਹੀਂ ਕਰੇਗੀ ਅਤੇ ਦੋਸ਼ੀ ਛੱਡੇ ਨਹੀਂ ਜਾਣਗੇ | ਕਾਨੂੰਨ ਦਾ ਰਾਜ ਕਾਇਮ ਕੀਤਾ ਜਾਵੇਗਾ | ਤਹਿਸੀਲਾਂ ਤੇ ਥਾਣਿਆਂ ਦੇ ਕੰਮ ਵਿਚ ਸੁਧਾਰ ਲਈ ਹਦਾਇਤਾ ਜਾਰੀ ਕਰ ਰਹੇ ਹਾਂ | ਅਫ਼ਸਰਸ਼ਾਹੀ ਨੂੰ  ਲੋਕਾਂ ਨੂੰ  ਦਫ਼ਤਰਾਂ ਵਿਚ ਬੈਠ ਕੇ ਮਿਲਣ ਲਈ ਵੀ ਹੁਕਮ ਜਾਰੀ ਕੀਤੇ ਜਾ ਰਹੇ ਹਨ | ਚੰਨੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ.ਪੀ. ਸੋਨੀ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਪ੍ਰਧਾਨ ਨਵਜੋਤ ਸਿੱਧੂ, ਚਾਰੇ ਕਾਰਜਕਾਰੀ ਪ੍ਰਧਾਨ ਤੇ ਕਈ ਵਿਧਾਇਕ ਵੀ ਮੌਜੂਦ ਸਨ |