ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚਿਆ ਸੁਖਨਾ ਝੀਲ ਦੇ ਪਾਣੀ ਦਾ ਪੱਧਰ, ਪ੍ਰਸ਼ਾਸਨ ਨੇ ਖੋਲ੍ਹੇ ਫਲੱਡ ਗੇਟ

ਏਜੰਸੀ

ਖ਼ਬਰਾਂ, ਪੰਜਾਬ

ਸੁਖਨਾ ਦਾ ਪਾਣੀ ਦਾ ਪੱਧਰ 1163 ਫੁੱਟ ਤੱਕ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਹੜ੍ਹ ਦੇ ਗੇਟ ਪਹਿਲਾਂ ਹੀ ਖੋਲ੍ਹਣੇ ਪਏ।

Sukhna Water Level reached to Danger Mark

 

ਚੰਡੀਗੜ੍ਹ: ਚੰਡੀਗੜ੍ਹ ਅਤੇ ਪਹਾੜਾਂ ਵਿਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਸੁਖਨਾ ਝੀਲ (Sukhna Lake) ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ (Danger Mark) ਤੇ ਪਹੁੰਚ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਫਲੱਡ ਗੇਟ (Flood Gates) ਖੋਲ੍ਹ ਦਿੱਤੇ ਹਨ। ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਭਾਰੀ ਮੀਂਹ ਕਾਰਨ ਸੁਖਨਾ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਜਿਵੇਂ ਹੀ ਪਾਣੀ ਛੱਡਿਆ ਗਿਆ, ਨਾਲ ਲੱਗਦੀਆਂ ਕਲੋਨੀਆਂ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਨੇੜਲੇ ਇਲਾਕਿਆਂ ਵਿਚ ਅਲਰਟ (Alert) ਜਾਰੀ ਕੀਤਾ ਗਿਆ ਸੀ।

ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਦਾ ਪਾਣੀ ਦਾ ਪੱਧਰ 1163 ਫੁੱਟ ਤੱਕ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਵਧਾਨੀ ਵਜੋਂ ਹੜ੍ਹ ਦੇ ਗੇਟ ਪਹਿਲਾਂ ਹੀ ਖੋਲ੍ਹਣੇ ਪਏ। ਪਿਛਲੇ ਸਾਲ ਪਾਣੀ ਦਾ ਪੱਧਰ 1163.40 ਫੁੱਟ 'ਤੇ ਪਹੁੰਚਣ ਤੋਂ ਬਾਅਦ ਹੀ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਸੁਖਨਾ ਚੋਅ (Sukhna Choe) ਵੀ ਓਵਰਫਲੋ ਹੋ ਗਈ ਸੀ। ਇਸਦੇ ਕਾਰਨ, ਬਹੁਤ ਸਾਰਾ ਪਾਣੀ ਬਲਟਾਣਾ ਦੇ ਖੇਤਰਾਂ ਵਿਚ ਦਾਖਲ ਹੋ ਗਿਆ ਸੀ। ਇਹੀ ਕਾਰਨ ਹੈ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਸੁਖਨਾ ਦਾ ਗੇਟ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ।

ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਹੀ ਮੁਹਾਲੀ ਦੇ ਡੀਸੀ ਅਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਜੋ ਉਹ ਪਹਿਲਾਂ ਤੋਂ ਹੀ ਉਚਿਤ ਕਦਮ ਚੁੱਕ ਸਕਣ। ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਕੋਈ ਵੀ ਸੁਖਨਾ ਚੋਅ ਦੇ ਆਲੇ ਦੁਆਲੇ ਨਾ ਹੋਵੇ। ਇਸ ਤੋਂ ਇਲਾਵਾ ਸੁਖਨਾ ਚੋਅ ਪੂਰੀ ਤਰ੍ਹਾਂ ਸਾਫ਼ ਹੋਣੀ ਚਾਹੀਦੀ ਹੈ, ਤਾਂ ਜੋ ਨਿਕਾਸੀ ਵਿਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।