ਪੰਜ ਨੁਕਾਤੀ ਏਜੰਡੇ ਦੇ ਕੰਮ ਦੋ ਅਕਤੂਬਰ ਤਕ ਹਰ ਹੀਲੇ ਪੂਰੇ ਕੀਤੇ ਜਾਣਗੇ: ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਪੰਜ ਨੁਕਾਤੀ ਏਜੰਡੇ ਦੇ ਕੰਮ ਦੋ ਅਕਤੂਬਰ ਤਕ ਹਰ ਹੀਲੇ ਪੂਰੇ ਕੀਤੇ ਜਾਣਗੇ: ਰੰਧਾਵਾ

image


ਤਿੰਨ ਮਹੀਨਿਆਂ 'ਚ 18 ਨੁਕਾਤੀ ਏਜੰਡੇ ਦੇ ਸਾਰੇ ਮਾਮਲਿਆਂ 'ਚ ਕਾਰਵਾਈ ਹੋ ਜਾਵੇਗੀ

ਚੰਡੀਗੜ੍ਹ, 20 ਸਤੰਬਰ (ਗੁਰਉਪਦੇਸ਼ ਭੁੱਲਰ): ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪੰਜਾਬ ਸਕੱਤਰੇਤ ਵਿਚ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਕਿਹਾ ਹੈ ਕਿ 18 ਨੁਕਾਤੀ ਏਜੰਡੇ ਵਿਚੋਂ ਪੰਜਾਬ ਕਾਂਗਰਸ ਵਲੋਂ ਤੈਅ 5 ਨੁਕਾਤੀ ਏਜੰਡਾ ਪੂਰਾ ਕਰ ਕੇ 2 ਅਕਤੂਬਰ ਤਕ ਲਾਗੂ ਕੀਤਾ ਜਾਵੇਗਾ | 
ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਇਹ ਪੰਜੇ ਨੁਕਤੇ ਪਹਿਲੀ ਅਕਤੂਬਰ ਤਕ ਹਰ ਹੀਲੇ ਪੂਰੇ ਕਰਨਾ ਚਾਹੁੰਦੇ ਹਨ | ਇਨ੍ਹਾਂ ਵਿਚ ਬੇਅਦਬੀਆਂ, ਬਿਜਲੀ ਸਮਝੌਤੇ, ਨਸ਼ੇ ਅਤੇ ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਆਦਿ ਦੇ ਮਾਮਲੇ ਮੁੱਖ ਤੌਰ 'ਤੇ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਦੇ ਸਮੇਂ ਦੌਰਾਨ 18 ਨੁਕਾਤੀ ਏਜੰਡੇ ਤਹਿਤ ਸਾਰੇ ਮਾਮਲਿਆਂ ਵਿਚ ਕਾਰਵਾਈ ਕਰ ਦਿਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਸੀ ਬਹੁਤੀਆਂ ਗੱਲਾਂ ਕਰਨ ਦੀ ਥਾਂ ਕੰਮ ਕਰ ਕੇ ਦਿਖਾਵਾਂਗੇ | ਪੰਜਾਬ ਸਕੱਤਰੇਤ ਬਾਰੇ ਉਨ੍ਹਾਂ ਕਿਹਾ ਕਿ ਹੁਣ ਅੱਗੇ ਤੋਂ ਸਾਰੇ ਮੰਤਰੀ ਅਪਣੇ ਦਫ਼ਤਰਾਂ ਵਿਚ ਬੈਠਣਗੇ ਅਤੇ ਇਸ ਨਾਲ ਅਧਿਕਾਰੀਆਂ ਨੂੰ  ਵੀ ਬੈਠਣਾ ਪਵੇਗਾ | ਘਰੋਂ ਕੰਮ ਕਰਨ ਦਾ ਸਿਲਸਿਲਾ ਹੁਣ ਬੰਦ ਕਰਾਂਗੇ | ਆਮ ਲੋਕਾਂ ਲਈ ਸਕੱਤਰੇਤ ਵਿਚ ਕੰਮਾਂਕਾਰਾਂ ਲਈ ਪਾਸ ਜਾਰੀ ਕਰਨ ਦਾ ਸਿਸਟਮ ਵੀ ਸੁਖਾਲਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਨੂੰ  ਸਾਡੀ ਸਰਕਾਰ ਵਿਚ ਇਕ ਫ਼ੀ ਸਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਚੰਨੀ ਨੂੰ  ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਨੂੰ  ਸਹੀ ਦਸਦਿਆਂ ਕਿਹਾ ਕਿ ਅਸੀ ਲੋਕਾਂ ਦੀਆਂ ਆਸਾਂ ਉਪਰ ਖਰੇ ਉਤਰਾਂਗੇ |