ਪੰਜਾਬ ’ਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਨਾਜ਼ੁਕ, 1.84 ਲੱਖ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਵਧਾਏ ਲੋਡ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੀ ਸਕੀਮ ਨਾਲ ਕਿਸਾਨਾਂ ਨੂੰ ਕਰੀਬ 200 ਕਰੋੜ ਰੁਪਏ ਦੀ ਮਿਲੀ ਰਾਹਤ

Ground water situation in Punjab is critical

 

ਮੁਹਾਲੀ: ਪੰਜਾਬ ’ਚ ਧਰਤੀ ਹੇਠਲਾ ਪਾਣੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਇੰਨਾ ਡੂੰਘਾ ਚਲਾ ਗਿਆ ਹੈ ਕਿ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਲੋਡ ਵਧਾਉਣੇ ਪੈ ਰਹੇ ਹਨ। ਕਰੀਬ ਦਰਜਨ ਜ਼ਿਲ੍ਹਿਆਂ ’ਚ ਇਹ ਗੰਭੀਰ ਮੁੱਦਾ ਬਣਿਆ ਹੋਇਆ ਹੈ। ਪਾਵਰਕੌਮ ਦੇ ਤਾਜ਼ਾ ਵੇਰਵਿਆਂ ਅਨੁਸਾਰ ਲੰਘੇ ਸਾਢੇ ਚਾਰ ਮਹੀਨਿਆਂ ਵਿਚ ਪੰਜਾਬ ਦੇ 1.84 ਕਿਸਾਨਾਂ ਨੇ ਖੇਤੀ ਮੋਟਰਾਂ ਦਾ ਲੋਡ ਵਧਾਇਆ ਹੈ ਜਿਸ ਨਾਲ ਮੋਟਰਾਂ ਦੇ ਲੋਡ ਵਿਚ 7.49 ਲੱਖ ਬਰੇਕ ਹਾਰਸ ਪਾਵਰ (ਬੀਐਚਪੀ) ਦਾ ਵਾਧਾ ਹੋਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ 9 ਜੂਨ ਨੂੰ ਖੇਤੀ ਮੋਟਰਾਂ ਦਾ ਲੋਡ ਵਧਾਉਣ ਦੀ ਫ਼ੀਸ 4750 ਤੋਂ ਘਟਾ ਕੇ 2500 ਰੁਪਏ ਪ੍ਰਤੀ ਹਾਰਸ ਪਾਵਰ ਕਰ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਉਨ੍ਹਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਹਨ ਜਿਨ੍ਹਾਂ ਦੀਆਂ ਮੋਟਰਾਂ ਪਾਣੀ ਡੂੰਘੇ ਚਲੇ ਜਾਣ ਕਰ ਕੇ ਪਾਣੀ ਕੱਢਣ ਦੇ ਸਮਰੱਥ ਨਹੀਂ ਰਹੀਆਂ ਸਨ। ਪਾਵਰਕੌਮ ਦੇ ਪੱਛਮੀ ਜ਼ੋਨ ਦੇ 7 ਜ਼ਿਲ੍ਹਿਆਂ ਦੇ ਸਭ ਤੋਂ ਵੱਧ 51,359 ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਿਚ 2.24 ਲੱਖ ਬੀਐਚਪੀ ਦਾ ਵਾਧਾ ਕੀਤਾ ਹੈ।

ਪੰਜਾਬ ਵਿਚ ਕਰੀਬ 14 ਲੱਖ ਖੇਤੀ ਮੋਟਰਾਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਸਕੀਮ ਨਾਲ ਕਿਸਾਨਾਂ ਨੂੰ ਕਰੀਬ 200 ਕਰੋੜ ਰੁਪਏ ਦੀ ਰਾਹਤ ਮਿਲੀ ਹੈ ਜਦੋਂਕਿ ਕਿਸਾਨਾਂ ਨੂੰ ਲੋਡ ਵਧਾਉੁਣ ਲਈ ਪਾਵਰਕੌਮ ਨੂੰ 202 ਕਰੋੜ ਰੁਪਏ ਉਤਾਰਨੇ ਵੀ ਪਏ ਹਨ।

‘ਆਪ’ ਸਰਕਾਰ ਨੇ ਲੋਡ ਵਧਾਉਣ ਲਈ ਵਾਲੰਟਰੀ ਡਿਸਕਲੋਜ਼ਰ ਸਕੀਮ (ਵੀ.ਡੀ.ਐਸ.) ਦੀ ਤਾਰੀਕ ਹੁਣ 23 ਅਕਤੂਬਰ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਸਕੀਮ ਦੀ ਸਮਾਂ ਸੀਮਾ ਵਿਚ ਦੂਜੀ ਵਾਰ ਵਾਧਾ ਕੀਤਾ ਹੈ।