MP ਰਵਨੀਤ ਬਿੱਟੂ ਨੇ PM ਮੋਦੀ ਨੂੰ ਲਿਖੀ ਚਿੱਠੀ, ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੈਨੇਡਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ - MP ਰਵਨੀਤ ਬਿੱਟੂ

Ravneet Bittu

ਚੰਡੀਗੜ੍ਹ - ਭਾਰਤ-ਕੈਨੇਡਾ ਵਿਚਾਲੇ ਚੱਲ ਰਿਹਾ ਤਣਾਅ ਵਧਦਾ ਨਜਰ ਆ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਦੇਸ਼ ਤੇ ਪੰਜਾਬ ਦੇ ਲੀਡਰਾਂ ਦੀ ਬਿਆਨਬਾਜ਼ੀ ਵੀ ਸੁਣਨ ਨੂੰ ਮਿਲ ਰਹੀ ਹੈ। ਇਸ ਮੌਕੇ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਕੂਟਨੀਤਕ ਟਕਰਾਅ ਦੇ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਕੈਨੇਡਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ। 

ਬਿੱਟੂ ਨੇ ਅਪਣੇ ਪੱਤਰ ਵਿਚ 6 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ ਜੋ ਵਰਤਮਾਨ ਵਿਚ ਕੈਨੇਡਾ ਵਿਚ ਆਪਣੀ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਆਪਣੇ ਸਬੰਧਤ ਕੋਰਸ ਖ਼ਤਮ ਕਰਨ ਤੋਂ ਬਾਅਦ ਕੈਨੇਡਾ ਦੀ ਸਥਾਈ ਨਿਵਾਸੀ ਲਈ ਅਰਜ਼ੀ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਵੱਖ-ਵੱਖ ਚੈਨਲਾਂ ਰਾਹੀਂ ਕੈਨੇਡੀਅਨ ਅਰਥਚਾਰੇ ਵਿਚ ਅਹਿਮ ਯੋਗਦਾਨ ਪਾ ਰਹੇ ਹਨ, ਪਰ ਹੁਣ ਨੌਕਰੀਆਂ ਦੀ ਘਾਟ ਅਤੇ ਕਿਫ਼ਾਇਤੀ ਰਿਹਾਇਸ਼ ਦੀ ਘਾਟ ਕਾਰਨ ਵੱਡੀ ਮੰਦੀ ਦਾ ਸਾਹਮਣਾ ਕਰ ਰਹੇ ਹਨ। 

ਉਹਨਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਕਿ ਵਧੇ ਹੋਏ ਕੂਟਨੀਤਕ ਤਣਾਅ ਕਾਰਨ ਵੀਜ਼ਾ ਪ੍ਰੋਸੈਸਿੰਗ ਵਿਚ ਦੇਰੀ ਜਾਂ ਪੇਚੀਦਗੀਆਂ, ਸਖ਼ਤ ਇਮੀਗ੍ਰੇਸ਼ਨ ਨੀਤੀਆਂ, ਭੇਦਭਾਵ ਅਤੇ ਭਾਰਤੀ ਵਿਦਿਆਰਥੀਆਂ ਲਈ ਸਮਾਜਿਕ ਬੇਅਰਾਮੀ ਹੋ ਸਕਦੀ ਹੈ। ਇਹ ਸਭ ਸੰਭਾਵੀ ਤੌਰ 'ਤੇ ਕੈਨੇਡਾ ਵਿਚ ਉਨ੍ਹਾਂ ਦੀ ਸਮੁੱਚੀ ਭਲਾਈ ਅਤੇ ਸੁਰੱਖਿਆ ਦੀ ਭਾਵਨਾ ਨੂੰ ਪ੍ਰਭਾਵਤ ਕਰ ਸਕਦਾ ਹੈ। 

ਰਵਨੀਤ ਬਿੱਟੂ ਜੋ ਕਿ ਕੈਨੇਡਾ ਵਿਚ ਪੜ੍ਹ ਰਹੇ ਲੁਧਿਆਣਾ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੇ ਹਨ, ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿਚ ਨਿੱਜੀ ਤੌਰ 'ਤੇ ਦਖਲ ਦੇਣ ਅਤੇ ਵਿਦਿਆਰਥੀਆਂ ਦੀ ਭਲਾਈ ਅਤੇ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸੰਭਾਵੀ ਨੁਕਸਾਨ ਤੋਂ ਉਨ੍ਹਾਂ ਨੂੰ ਬਚਾ ਕੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਬੇਨਤੀ ਕੀਤੀ ਹੈ। 

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਦਭਾਵਨਾ ਦੀ ਬਹਾਲੀ ਲਈ ਮਦਦ ਕਰਨ ਦੀ ਵੀ ਅਪੀਲ ਕੀਤੀ। ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ ਮੁੱਦੇ ਦਾ ਨੋਟਿਸ ਲੈਣਗੇ ਅਤੇ ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਅਤੇ ਭਾਰਤ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਢੁਕਵੇਂ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਦੀ ਭਲਾਈ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। 

ਸਿੱਖ ਕੌਮ ਬਾਰ ਗੱਲ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਸਿੱਖ ਇਕ ਬਹੁਤ ਹੀ ਭਾਵੁਕ ਹੋਣ ਵਾਲੀ ਕੌਮ ਹੈ ਤੇ ਸਿੱਖਾਂ ਦਾ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿਚ ਬਹੁਤ ਵੱਡਾ ਹੱਥ ਹੈ, ਇਸ ਲਈ ਇਹ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਵੇਂ ਨਾ ਕਿਵੇਂ ਇਹਨਾਂ ਵਿਚ ਦਰਾਰ ਪਾਈ ਜਾਵੇ। 

ਓਧਰ ਟਰੂਡੋ ਦੀ ਪਾਰਟੀ 'ਤੇ ਤੰਜ਼ ਕੱਸਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਕੈਨੇਡਾ ਦੇ ਜਿਹੜੇ ਗੁਰੂ-ਘਰਾਂ 'ਤੇ ਖਾਲਿਸਤਾਨੀਆਂ ਦਾ ਕਬਜ਼ਾ ਹੈ, ਉੱਥੇ ਜੋ ਲੱਖਾਂ ਦਾ ਚੜ੍ਹਾਵਾ ਚੜਦਾ ਹੈ ਉਹ ਸਾਰਾ ਟਰੂਡੋ ਦੀ ਪਾਰਟੀ ਨੂੰ ਜਾਂਦਾ ਹੈ।