ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਇੱਕ ਔਰਤ ਤੋਂ ਖੋਹੀ ਸੋਨੇ ਦੀ ਚੈਨ
ਔਰਤ ਨੇ ਨੌਜਵਾਨਾਂ ਦਾ ਕੀਤਾ ਪਿੱਛਾ, ਸਕੂਟੀ ਤੋਂ ਡਿੱਗਣ ਕਰਕੇ ਹੋਈ ਜ਼ਖ਼ਮੀ
ਗੁਰਦਾਸਪੁਰ: ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ 2 ਨੌਜਵਾਨ ਇੱਕ ਔਰਤ ਤੋਂ ਪਿਸਤੋਲ ਦੀ ਨੋਕ ’ਤੇ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਸੀ। ਜਦੋਂ ਔਰਤ ਨੇ ਨੌਜਵਾਨਾਂ ਦਾ ਆਪਣੀ ਸਕੂਟਰੀ ’ਤੇ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਰ ਝਪਟਮਾਰ ਨੌਜਵਾਨਾਂ ਵੱਲੋਂ ਔਰਤ ਨੂੰ ਪਿਸਤੋਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਔਰਤ ਨੇ ਆਪਣੀ ਸਕੂਟਰੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਸਲਿਪ ਹੋਣ ਕਰਕੇ ਔਰਤ ਡਿੱਗ ਗਈ, ਜਿਸ ਦੀ ਬਾਂਹ ਉੱਪਰ ਵੀ ਸੱਟ ਲੱਗੀ ਹੈ। ਔਰਤ ਦੀ ਪਛਾਣ ਸੋਨਮ ਗੁਪਤਾ ਵਾਸੀ ਸ਼੍ਰੀ ਰਾਮ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ। ਉੱਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖ਼ੰਗਾਲੇ, ਜਿਸ ਵਿੱਚ ਦੋਵੇਂ ਨੌਜਵਾਨ ਕੈਦ ਹੋਏ ਹਨ।
ਜਾਣਕਾਰੀ ਦਿੰਦੇ ਹੋਏ ਸੋਨਮ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਸੀ। ਹਨੂਮਾਨ ਚੌਂਕ ਵਿੱਚ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਗੱਲ ਵਿੱਚ ਪਹਿਨੀ ਹੋਈ ਸੋਨੇ ਦੀ ਚੈਨ ਝਪਟ ਲਈ ਅਤੇ ਫਰਾਰ ਹੋ ਗਏ। ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਝਪਟਮਾਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੌਕੇ ’ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸੀਸੀਟੀਵੀ ਕੈਮਰਿਆਂ ਵਿੱਚ ਦੋ ਨੌਜਵਾਨ ਦਿਖਾਈ ਦਿੱਤੇ ਹਨ, ਜਿਨਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਦੋਨਾਂ ਝਪਟਮਾਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।