ਇਮੀਗ੍ਰੇਸ਼ਨ ਏਜੰਟ ਨੇ ਦੂਜੇ ਇਮੀਗ੍ਰੇਸ਼ਨ ਏਜੰਟ ਨਾਲ ਕੀਤੀ 1 ਕਰੋੜ ਰੁਪਏ ਦੀ ਠੱਗੀ
ਬਠਿੰਡਾ ਪੁਲਿਸ ਨੇ ਆਰੋਪੀ ਇਮੀਗ੍ਰੇਸ਼ਨ ਏਜੰਟ ਖ਼ਿਲਾਫ਼ ਮਾਮਲਾ ਕੀਤਾ ਦਰਜ
ਬਠਿੰਡਾ : ਇਮੀਗ੍ਰੇਸ਼ਨ ਏਜੰਟਾਂ ਵੱਲੋਂ ਆਮ ਤੌਰ ’ਤੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਵੀਜ਼ਾ ਅਤੇ ਵਰਕ ਪਰਮਿਟ ਦਾ ਝਾਂਸਾ ਦੇ ਠੱਗਣ ਦੀਆਂ ਖ਼ਬਰਾਂ ਅਸੀਂ ਆਮ ਹੀ ਸੁਣਦੇ ਰਹਿੰਦੇ ਹਾਂ। ਪਰ ਹੁਣ ਇਮੀਗ੍ਰੇਸ਼ਨ ਦੇ ਕੰਮ ’ਚ ਸ਼ਾਮਲ ਲੋਕਾਂ ਨੇ ਇਮੀਗ੍ਰੇਸ਼ਨ ਦੇ ਏਜੰਟਾਂ ਨਾਲ ਵੀ ਧੋਖਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਦੀ ਇਕ ਇਮੀਗ੍ਰੇਸ਼ਨ ਕੰਪਨੀ ਦੇ ਏਜੰਟ ਨੇ ਵਿਦੇਸ਼ਾਂ ਵਿਚ ਨੌਜਵਾਨਾਂ ਨੂੰ ਵਰਕ ਪਰਮਿਟ ਦੇਣ ਦਾ ਵਾਅਦਾ ਕਰਕੇ ਇਕ ਹੋਰ ਇਮੀਗ੍ਰੇਸ਼ਨ ਕੰਪਨੀ ਦੇ ਏਜੰਟ ਨਾਲ 1 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਆਰੋਪੀ ਇਮੀਗ੍ਰੇਸ਼ਨ ਏਜੰਟ ਨੇ ਵਰਕ ਪਰਮਿਟਾਂ ਵਿਚ ਜਾਅਲੀ ਸਪਾਂਸਰਸ਼ਿਪ ਸਰਟੀਫਿਕੇਟ ਲਗਾਏ, ਜਿਨ੍ਹਾਂ ਨੂੰ ਸਬੰਧਤ ਅਧਿਕਾਰੀਆ ਨੇ ਰੱਦ ਕਰ ਦਿੱਤਾ। ਪਰ ਉਸ ਤੋਂ ਬਾਅਦ ਵੀ ਆਰੋਪੀ ਸੈਂਟਰ ਏਜੰਟ ਨੇ ਧੋਖਾਧੜੀ ਜਾਰੀ ਰੱਖੀ। ਤਿੰਨ ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਆਰੋਪੀ ਇਮੀਗ੍ਰੇਸ਼ਨ ਏਜੰਟ ਖਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।
ਡੀਡੀ ਮਿੱਤਲ ਟਾਵਰ ਦੇ ਨਿਵਾਸੀ ਵਾਸ਼ੂ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਰਕਸੰਦਾ ਸ਼ਰਮਾ ਦੇ ਨਾਮ ’ਤੇ ਚੰਡੀਗੜ੍ਹ ਆਈਲੈਟਸ ਅਤੇ ਇਮੀਗ੍ਰੇਸ਼ਨ ਸਲਾਹਕਾਰ ਨਾਮਕ ਇੱਕ ਦਫਤਰ ਦਾ ਮਾਲਕ ਸੀ। ਉਹ ਹਰਪਿੰਦਰ ਸਿੰਘ ਨੂੰ ਇੱਕ ਵਿਆਹ ਵਿੱਚ ਮਿਲਿਆ, ਜੋ ਕਿ ਮਲੋਟ ਆਕਸਫੋਰਡ ਇਮੀਗ੍ਰੇਸ਼ਨ ’ਚ ਕੰਮ ਕਰਦਾ ਹੈ। ਹਰਪਿੰਦਰ ਸਿੰਘ ਨੇ ਉਸਨੂੰ ਦੱਸਿਆ ਕਿ ਹਰਜੋਬਨ ਸਿੰਘ, ਜਿਸਦਾ ਬਠਿੰਡਾ ਵਿੱਚ 100 ਫੁੱਟ ਰੋਡ ’ਤੇ ਇੰਸਟੈਂਟ ਐਂਟਰੀ ਓਵਰਸੀਜ਼ ਨਾਮਕ ਦਫਤਰ ਹੈ ਅਤੇ ਉਹ ਵਰਕ ਪਰਮਿਟ ਵੀਜ਼ਾ ਸੰਭਾਲਦਾ ਹੈ। ਹਰਪਿੰਦਰ ਸਿੰਘ ਨੇ ਉਸ ਨੂੰ ਹਰਜੋਬਨ ਸਿੰਘ ਨਾਲ ਉਸਦੇ ਦਫਤਰ ’ਚ ਮਿਲਾਇਆ, ਜਿੱਥੇ ਉਹ ਸਹਿਮਤ ਹੋਏ ਕਿ ਹਰਜੋਬਨ ਸਿੰਘ ਅਤੇ ਹਰਪਿੰਦਰ ਸਿੰਘ ਵਰਕ ਪਰਮਿਟ ਵੀਜ਼ਾ ਲਈ ਪ੍ਰਤੀ ਫਾਈਲ₹25 ਲੱਖ ਰੁਪਏ ਲੈਣਗੇ।
ਵਾਸ਼ੂ ਸ਼ਰਮਾ ਨੇ ਦੱਸਿਆ ਕਿ ਉਸ ਨੇ ਗੁਰਸਿਮਰਨ ਸਿੰਘ ਵਾਸੀ ਮੋਗਾ, ਜਸਕਰਨ ਸਿੰਘ ਵਾਸੀ ਫਰੀਦਕੋਟ, ਰਣਜੋਤ ਸਿੰਘ ਵਾਸੀ ਤਰਨ ਤਾਰਨ ਦੀਆਂ ਫਾਈਲਾਂ ਵਰਕ ਪਰਮਿਟ ਦੇ ਲਈ ਹਰਜੋਬਨ ਸਿੰਘ ਨੂੰ ਉਸ ਦੇ ਦਫ਼ਤਰ ’ਚ ਦੇ ਆਏ, ਜਿਸ ਦੇ ਬਦਲੇ ਉਨ੍ਹਾਂ ਨੇ 75 ਲੱਖ ਰੁਪਏ ਹਰਜੋਬਨ ਸਿੰਘ ਅਤੇ ਹਰਪਿੰਦਰ ਸਿੰਘ ਨੂੰ ਅਲੱਗ-ਅਲੱਗ ਕਿਸ਼ਤਾਂ ’ਚ ਉਨ੍ਹਾਂ ਦੇ ਖਾਤਿਆਂ ’ਚ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਇਕ ਹੋਰ ਫਾਈਲ ਗੁਲਸ਼ਨਜੀਤ ਕੌਰ ਦੀ ਫਾਈਲ ਲਗਾਉਣ ਲਈ 26 ਲੱਖ ਰੁਪਏ ਦਿੱਤੇ। ਜਿਸ ਤੋਂ ਬਾਅਦ ਹਰਜੋਬਨ ਸਿੰਘ ਨੇ ਇਕ ਵਿਦੇਸ਼ੀ ਨੰਬਰ ਦੇ ਵਟਸਐਪ ਤੋਂ ਉਸ ਦੇ ਚਾਰ ਸਪਾਂਸਰਸ਼ਿਪ ਸਰਟੀਫਿਕੇਟ ਭੇਜੇ।
ਸਰਟੀਫਿਕੇਟ ਫਰਜੀ ਹੋਣ ਦੇ ਚਲਦਿਆਂ ਇਹ ਫਾਈਲਾਂ ਰਿਫਊਜ਼ ਹੋ ਗਈਆਂ। ਇਸ ਤੋਂ ਬਾਅਦ ਆਰੋਪੀਆਂ ਨੇ ਉਕਤ ਸਾਰੀਆਂ ਵਰਕ ਪਰਮਿਟ ਲਈ ਅਪਲਾਈ ਕਰ ਦਿੱਤੀਆਂ। ਪਰ ਇਨ੍ਹਾਂ ਫਾਈਲਾਂ ਨਾਲ ਲੱਗੇ ਸਪਾਂਸਰਸ਼ਿਪ ਸਰਟੀਫਿਕੇਟ ਫਰਜ਼ੀ ਹੋਣ ਦੇ ਚਲਦਿਆਂ ਫਾਈਲਾਂ ਰਿਫਿਊਜ਼ ਹੋ ਗਈਆਂ। ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਸਬੰਧਤ ਸਪਾਂਸਰਸ਼ਿਪ ਕੰਪਨੀਆਂ ਵੱਲੋਂ ਭੇਜੀ ਗਈ ਮੇਲਾਂ ਤੋਂ ਪਤਾ ਚਲਿਆ। ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਆਰੋਪੀਆਂ ਨੇ ਫਾਈਲਾਂ ਵਰਕ ਪਰਮਿਟ ’ਤੇ ਲਗਾਉਣ ਦਾ ਝਾਂਸਾ ਦੇ ਕੇ ਫਾਈਲਾਂ ਅਪਲਾਈ ਕਰਨ ਦੇ ਸਮੇਂ ਫਰਜ਼ੀ ਸਪਾਂਸਰਸ਼ਿਪ ਸਰਟੀਫਿਕੇਟ ਲਗਾ ਕੇ ਸ਼ਿਕਾਇਤਕਰਤਾ ਦੇ ਨਾਲ ਠੱਗੀ ਮਾਰੀ। ਸ਼ਿਕਾਇਤ ਕਰਤਾ ਵਾਸ਼ੂ ਸ਼ਰਮਾ ਨੇ ਮਾਮਲੇ ਦੀ ਸ਼ਿਕਾਇਤ28 ਜੁਲਾਈ ਨੂੰ ਡੀਆਈਜੀ ਬਠਿੰਡਾ ਨੂੰ ਦਿੱਤੀ। ਜਿਸ ਦੀ ਜਾਂਚ ਦੇ ਲਈ ਐਸ.ਐਸ.ਪੀ ਨੂੰ ਹੁਕਮ ਜਾਰੀ ਹੋਏ। ਜਾਂਚ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਆਰੋਪੀਆਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਾਸੂ ਸ਼ਰਮਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀਹੈ ਕਿ ਆਰੋਪੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਕਿਉਂਕਿ ਆਰੋਪੀਆਂ ਨੇ ਉਸ ਨੂੰ ਵਟਸਐਪ ’ਤੇ ਧਮਕੀਆਂ ਵੀ ਦਿੱਤੀਆਂ ਸਨ। ਉਧਰ ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਮੁਖੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰੋਪੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਲਿਆ ਜਾਵੇਗਾ।