Punjab jail ਪ੍ਰਸਾਸ਼ਨ ਦੀ ਲਾਪਰਵਾਹੀ ਕਾਰਨ ਗਈ ਕਈ ਕੈਦੀਆਂ ਦੀ ਜਾਨ
ਜੇਲ੍ਹ ਸੁਪਰਡੈਂਟਾਂ ਵੱਲੋਂ ਲਿਖਤੀ ਰੂਪ ’ਚ ਕੈਦੀਆਂ ਦੀ ਟਰਾਂਸਫਰ ਸਬੰਧੀ ਕੀਤਾ ਗਿਆ ਸੀ ਸੂਚਿਤ
Punjab jail news : ਮੌਜੂਦਾ ਏ.ਡੀ.ਜੀ.ਪੀ. ਅਰੁਣ ਪਾਲ ਸਿੰਘ ਦੇ ਕਾਰਜਕਾਲ ਦੌਰਾਨ 3 ਵੱਡੀਆਂ ਘਟਨਾਵਾਂ 3 ਜੇਲ੍ਹਾਂ ਸੈਂਟਰਲ ਜੇਲ੍ਹ ਕਪੂਰਥਲਾ, ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਵਾਪਰੀਆਂ ਹਨ। ਜਿਨ੍ਹਾਂ ਵਿੱਚ ਕੈਦੀਆਂ ਦੀਆਂ ਹਲਾਕਤਾਂ ਹੋਈਆਂ ਹਨ। ਉਪਰੋਕਤ ਸਾਰੀਆਂ ਘਟਨਾਵਾਂ ਤੋਂ ਪਹਿਲਾਂ ਸੂਪਰਡੈਂਟ ਜੇਲ੍ਹਾਂ ਵੱਲੋਂ ਵਾਰ-ਵਾਰ ਲਿਖਤੀ ਰੂਪ ਵਿੱਚ ਘਟਨਾਵਾਂ ਦੀਆਂ ਆਸ਼ੰਕਾਵਾਂ ਅਤੇ ਹਮਲੇ ਦਾ ਸ਼ਿਕਾਰ ਕੈਦੀਆਂ ਨੂੰ ਟਰਾਂਸਫਰ ਕਰਨ ਬਾਰੇ ਸੂਚਨਾ ਦਿੱਤੀ ਗਈ ਸੀ, ਪਰ ਬਾਰ-ਬਾਰ ਸੂਚਿਤ ਕਰਨ ਦੇ ਬਾਵਜੂਦ ਨਾ ਕੋਈ ਟਰਾਂਸਫਰ ਆਰਡਰ ਜਾਰੀ ਕੀਤਾ ਗਿਆ ਅਤੇ ਨਾ ਹੀ ਏ.ਡੀ.ਜੀ.ਪੀ.ਵੱਲੋਂ ਕੋਈ ਐਕਸ਼ਨ ਲਿਆ ਗਿਆ।
ਸੂਪਰਡੈਂਟ ਕਪੂਰਥਲਾ ਵੱਲੋਂ ਪੱਤਰ ਨੰਬਰ 6808 ਮਿਤੀ 28.05.2023 ਰਾਹੀਂ ਸਿਮਰਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਟਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਪਰ ਉਸ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਅਤੇ 13.07.2023 ਨੂੰ ਉਸ ’ਤੇ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ।
ਸੂਪਰਡੈਂਟ ਜੇਲ੍ਹ ਸੰਗਰੂਰ ਵੱਲੋਂ ਕੈਦੀਆਂ ਸਿਮਰਨਜੀਤ @ ਜੁਝਾਰ, ਧਰਮਿੰਦਰ @ ਗੋਹਰਾ, ਮੁਹੰਮਦ ਹਾਰਸ਼ ਅਤੇ ਧਰਮਿੰਦਰ @ ਬੱਗਾ ਨੂੰ ਟਰਾਂਸਫਰ ਕਰਨ ਲਈ ਏ.ਡੀ.ਜੀ.ਪੀ. ਨੂੰ ਪੱਤਰ ਨੰਬਰ 2148 ਮਿਤੀ 19.03.2024 ਅਤੇ 2884 ਮਿਤੀ 15.04.2024 ਰਾਹੀਂ ਲਿਖਿਆ ਗਿਆ ਸੀ ਪਰ 19.04.2024 ਨੂੰ ਸਿਮਰਨਜੀਤ @ ਜੁਝਾਰ ਵੱਲੋਂ ਕੈਦੀਆਂ ਧਰਮਿੰਦਰ @ ਗੋਹਰਾ ਅਤੇ ਮੁਹੰਮਦ ਹਾਰਸ਼ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ।
ਸੂਪਰਡੈਂਟ ਸੈਂਟਰਲ ਜੇਲ੍ਹ ਪਟਿਆਲਾ ਵੱਲੋਂ ਪੱਤਰ ਨੰਬਰ 22831 ਮਿਤੀ 27.11.2024 ਰਾਹੀਂ ਸੰਦੀਪ ਪੁੱਤਰ ਮਹਿੰਦਰ ਪਾਲ (ਸੂਰੀ ਕੇਸ) ਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕਰਨ ਲਈ ਏ.ਡੀ.ਜੀ.ਪੀ. ਜੇਲ੍ਹਾਂ ਨੂੰ ਲਿਖਿਆ ਗਿਆ ਸੀ ਅਤੇ ਸਪਸ਼ਟ ਰੂਪ ਵਿੱਚ ਉਲੇਖ ਕੀਤਾ ਗਿਆ ਸੀ ਕਿ ਉਸ ਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਰੱਖਿਆ ਗਿਆ ਸੀ ਕਿਉਂਕਿ ਕੋਈ ਵੱਖਰਾ ਵਾਰਡ ਉਪਲਬਧ ਨਹੀਂ ਸੀ। ਇਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਸੂਪਰਡੈਂਟ ਵੱਲੋਂ ਦੁਬਾਰਾ ਪੱਤਰ ਨੰਬਰ 7878 ਮਿਤੀ 25.04.2025 ਰਾਹੀਂ ਕਾਨੂੰਨ-ਵਿਵਸਥਾ ਦੇ ਮੱਦੇਨਜ਼ਰ ਸੰਦੀਪ ਸਿੰਘ ਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕਰਨ ਲਈ ਲਿਖਿਆ ਗਿਆ। ਇਸ ਤੋਂ ਬਾਅਦ ਤੀਜਾ ਪੱਤਰ ਵੀ 18.08.2025 ਨੂੰ ਸੂਪਰਡੈਂਟ ਜੇਲ੍ਹ ਪਟਿਆਲਾ ਵੱਲੋਂ ਸੰਦਿਪ ਸਿੰਘ ਨੂੰ ਤੁਰੰਤ ਟਰਾਂਸਫਰ ਕਰਨ ਲਈ ਲਿਖਿਆ ਗਿਆ ਕਿਉਂਕਿ ਭੁਪਿੰਦਰ ਸਿੰਘ ਸਾਬਕਾ ਐਸ.ਐਸ.ਪੀ. ਅਤੇ ਸੂਪਰਡੈਂਟ ਜੇਲ੍ਹ, ਸੁਬਾ ਸਿੰਘ ਇੰਸਪੈਕਟਰ ਸੀ.ਬੀ.ਆਈ. ਕੇਸ ਵਿੱਚ ਪਟਿਆਲਾ ਜੇਲ੍ਹ ਆ ਗਏ ਸਨ।
ਸੂਪਰਡੈਂਟ ਜੇਲ੍ਹ ਪਟਿਆਲਾ ਵੱਲੋਂ ਪੱਤਰ ਨੰਬਰ 8455 ਮਿਤੀ 12.08.2025 ਰਾਹੀਂ ਏ.ਡੀ.ਜੀ.ਪੀ. ਜੇਲ੍ਹਾਂ ਨੂੰ ਸੁਬਾ ਸਿੰਘ ਨੂੰ ਮੈਡੀਕਲ ਗਰਾਊਂਡ ’ਤੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਟਰਾਂਸਫਰ ਕਰਨ ਲਈ ਸਪੱਸ਼ਟ ਹਦਾਇਤਾਂ ਸਹਿਤ ਆਦਰਣੀਯ ਸੀ.ਬੀ.ਆਈ. ਅਦਾਲਤ ਮੋਹਾਲੀ ਦੇ ਹੁਕਮਾਂ ਦੇ ਅਧਾਰ ’ਤੇ ਲਿਖਿਆ ਗਿਆ ਸੀ ਪਰ ਨਾ ਤਾਂ ਸੰਦਿਪ ਸਿੰਘ (ਸੂਰੀ ਕੇਸ) ਅਤੇ ਨਾ ਹੀ ਸੁਬਾ ਸਿੰਘ ਨੂੰ ਸੈਂਟਰਲ ਜੇਲ੍ਹ ਪਟਿਆਲਾ ਤੋਂ ਟਰਾਂਸਫਰ ਕੀਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ 10.09.2025 ਨੂੰ ਸੰਦੀਪ ਸਿੰਘ ਵੱਲੋਂ ਸੁਬਾ ਸਿੰਘ, ਇੰਦਰਜੀਤ ਸਿੰਘ, ਗੁਰਬਚਨ ਸਿੰਘ (ਸਾਰੇ ਸਾਬਕਾ ਪੁਲਿਸ ਅਧਿਕਾਰੀ) ’ਤੇ ਹਮਲਾ ਕੀਤਾ ਗਿਆ ਜਿਸ ਵਿੱਚ ਸੁਬਾ ਸਿੰਘ ਨੂੰ ਗੰਭੀਰ ਚੋਟਾਂ ਆਈਆਂ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।