ਪਰਾਲੀ ਪ੍ਰਬੰਧਨ: ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਲਈ ਲਿਆਂਦਾ 7 ਲੱਖ ਦਾ ਲੱਕੀ ਡਰਾਅ
ਪਹਿਲਾ ਇਨਾਮ 20 ਹਜ਼ਾਰ ਰੁਪਏ, ਹਰ ਹਫ਼ਤੇ 25 ਕਿਸਾਨਾਂ ਨੂੰ ਇਨਾਮ ਜਿੱਤਣ ਦਾ ਮੌਕਾ: ਡਿਪਟੀ ਕਮਿਸ਼ਨਰ
ਬਰਨਾਲਾ: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਪਹਿਲਕਦਮੀ ਕਰਦੇ ਹੋਏ 7 ਲੱਖ ਰੁਪਏ ਦਾ ਲੱਕੀ ਡਰਾਅ ਸ਼ੁਰੂ ਕੀਤਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਦਾ ਵਾਤਾਵਰਣ ਪੱਖੀ ਨਿਬੇੜਾ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ 7 ਲੱਖ ਰੁਪਏ ਦਾ ਲੱਕੀ ਡਰਾਅ ਕੱਢਿਆ ਜਾਵੇਗਾ। ਪਹਿਲਾ ਲੱਕੀ ਡਰਾਅ 17 ਅਕਤੂਬਰ (ਸ਼ੁੱਕਰਵਾਰ) ਨੂੰ ਕੱਢਿਆ ਜਾਵੇਗਾ, ਜਿਸ ਵਿਚ 25 ਕਿਸਾਨਾਂ ਨੂੰ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਪਹਿਲਾ ਇਨਾਮ 20,000 ਰੁਪਏ, ਦੂਸਰਾ ਇਨਾਮ 15,000 ਰੁਪਏ, ਤੀਸਰਾ ਇਨਾਮ 10,000 ਰੁਪਏ ਅਤੇ ਬਾਕੀ ਕਿਸਾਨ 2500-2500 ਰੁਪਏ ਦਾ ਇਨਾਮ ਜਿੱਤ ਸਕਣਗੇ। ਦੂਜਾ ਡਰਾਅ 24 ਅਕਤੂਬਰ, ਤੀਜਾ ਡਰਾਅ 31 ਅਕਤੂਬਰ, ਚੌਥਾ ਡਰਾਅ 7 ਨਵੰਬਰ, ਪੰਜਵਾਂ ਡਰਾਅ 14 ਨਵੰਬਰ, ਛੇਵਾਂ ਡਰਾਅ 21 ਨਵੰਬਰ ਤੇ ਸੱਤਵਾਂ ਡਰਾਅ 28 ਨਵੰਬਰ ਨੂੰ ਕੱਢਿਆ ਜਾਵੇਗਾ। ਇਸ ਵਾਸਤੇ ਇੱਕ ਲਿੰਕ ਅਤੇ ਕਿਊ ਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾਅ ਲਈ ਅਪਲਾਈ ਕਰ ਸਕਦੇ ਹਨ। ਇਹ ਲਿੰਕ 7973975463 'ਤੇ ਵਟਸਐਪ ਰਾਹੀਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨ 30 ਸਤੰਬਰ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਸਤੇ ਕਿਸਾਨਾਂ ਨੇ ਲਿੰਕ https://pahunch.in/lucky_draw_registration_2025 'ਤੇ ਜਾ ਕੇ ਪਹਿਲਾਂ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੈ ਅਤੇ ਇਸ ਮਗਰੋਂ ਜਦੋਂ ਝੋਨੇ ਦੀ ਵਾਢੀ ਕਰ ਲਈ ਤੇ ਖੇਤ ਤਿਆਰ ਕਰ ਲਿਆ, ਫਿਰ ਉਸੇ ਲਿੰਕ 'ਤੇ ਜਾ ਕੇ ਫਾਲੋਅ ਅਪ ਫਾਰਮ ਭਰਨਾ ਹੈ ਤੇ ਤਸਵੀਰਾਂ ਅਪਲੋਡ ਕਰਨੀਆਂ ਹਨ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ 79739-75463 ਨੰਬਰ 'ਤੇ ਵਟਸਐਪ ਰਾਹੀਂ ਲਿੰਕ 'ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਦਿੱਤੀ ਗਈ ਸਬਸਿਡੀ ਵਾਲੀ ਮਸ਼ੀਨਰੀ ਵਰਤਣ ਅਤੇ ਪਰਾਲੀ ਦਾ ਖੇਤਾਂ ਵਿਚ ਹੀ ਨਿਬੇੜਾ ਕਰਨ ਤਾਂ ਜੋ ਅਸੀਂ ਸਾਂਝੇ ਯਤਨਾਂ ਨਾਲ ਜ਼ਿਲ੍ਹਾ ਬਰਨਾਲਾ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਵਿਚ ਮੋਹਰੀ ਬਣਾ ਸਕੀਏ।
ਕਿਵੇਂ ਕਰਨੀ ਹੈ ਰਜਿਸਟ੍ਰੇਸ਼ਨ ਅਤੇ ਕਿਵੇਂ ਭਰਨਾ ਹੈ ਫਾਲੋਅ ਅਪ ਫਾਰਮ
ਰਜਿਸਟ੍ਰੇਸ਼ਨ ਲਈ https://pahunch.in/lucky_draw_registration_2025 ਲਿੰਕ 'ਤੇ ਜਾ ਕੇ ਨਾਮ, ਪਿਤਾ ਦਾ ਨਾਮ, ਮੋਬਾਈਲ ਨੰਬਰ, ਜ਼ਿਲ੍ਹਾ, ਬਲਾਕ, ਪਿੰਡ ਦਾ ਨਾਮ, ਖਸਰਾ ਨੰਬਰ, ਕਿੰਨੇ ਸਮੇਂ ਤੋਂ ਅਤੇ ਕਿੰਨੇ ਰਕਬੇ ਵਿਚ ਅੱਗ ਨਹੀਂ ਲਗਾਈ, ਕਿਹੜੀ ਮਸ਼ੀਨ ਵਰਤਦੇ ਹੋ, ਫਰਦ, ਆਈ ਡੀ ਪਰੂਫ ਆਦਿ ਜਾਣਕਾਰੀ ਅਪਲੋਡ ਕਰਨੀ ਹੈ ਜਿਸ ਮਗਰੋਂ ਰਸੀਦ ਬਣ ਜਾਵੇਗੀ। ਇਸ ਮਗਰੋਂ ਜਦੋਂ ਵਾਢੀ ਹੋਣੀ ਹੈ ਉਦੋਂ ਉਸੇ ਲਿੰਕ 'ਤੇ ਫਾਲੋਅ ਅਪ 'ਤੇ ਜਾ ਕੇ ਫਾਲੋਅ ਅਪ ਫਾਰਮ ਭਰਨਾ ਹੈ ਜਿਸ ਵਿਚ ਮੋਬਾਈਲ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ, ਵਾਢੀ ਤੋਂ ਪਹਿਲਾਂ, ਵਾਢੀ ਵਾਲੇ ਦਿਨ, ਵਾਢੀ ਤੋਂ 5 ਦਿਨ ਤੱਕ ਦੀ (ਜੀਓ ਟੈਗਿੰਗ ਫੋਟੋ) ਅਪਲੋਡ ਕਰਨੀ ਹੈ। ਇਸ ਮਗਰੋਂ ਸਬੰਧਤ ਨੋਡਲ ਅਫ਼ਸਰ ਵੱਲੋਂ ਮੌਕੇ 'ਤੇ ਜਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਪਰਾਲੀ ਪ੍ਰਬੰਧਨ ਲਈ ਕੰਟਰੋਲ ਰੂਮ ਸਥਾਪਿਤ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਪ੍ਰਬੰਧਨ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01679-233031 ਹੈ। ਇਹ ਕੰਟਰੋਲ ਰੂਮ ਸੀਜ਼ਨ ਦੌਰਾਨ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤਕ ਕਾਰਜਸ਼ੀਲ ਰਹੇਗਾ। ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਦੀ ਦਿੱਕਤ ਆਉਂਦੀ ਹੈ ਤਾਂ ਉਸ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹਨ ਅਤੇ ਜੇਕਰ ਕਿਸੇ ਖੇਤ ਵਿਚ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸ ਬਾਰੇ ਸੂਚਨਾ ਇਸ ਨੰਬਰ 'ਤੇ ਦਿੱਤੀ ਜਾ ਸਕਦੀ ਹੈ।
ਪਰਾਲੀ ਨੂੰ ਅੱਗ ਲੱਗਣ ਦੇ ਕੇਸਾਂ ਦੀ ਨਜ਼ਰਸਾਨੀ ਕਰਨਗੇ ਅਫ਼ਸਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ 25 ਪਿੰਡਾਂ ਵਿਚ ਅੱਗ ਲੱਗਣ ਦੇ ਜ਼ਿਆਦਾ ਕੇਸ ਆਏ ਸਨ, ਉਨ੍ਹਾਂ ਹਾਟ ਸਪਾਟ ਪਿੰਡਾਂ ਵਿਚ ਉਹ ਖ਼ੁਦ ਅਤੇ ਐੱਸ ਡੀ ਐਮ ਕੈਂਪਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਤੋਂ ਇਲਾਵਾ 25 ਗਰੁੱਪ ਏ ਅਫ਼ਸਰ ਲਗਾਏ ਗਏ ਹਨ ਅਤੇ ਉਨ੍ਹਾਂ ਦੇ ਨਾਲ ਪੁਲਿਸ ਅਫ਼ਸਰ ਵੀ ਪਿੰਡਾਂ ਵਿਚ ਜਾ ਰਹੇ ਹਨ। ਜ਼ਿਲ੍ਹੇ ਦੀਆਂ 13 ਕਾਨੂੰਨੀਗੋਈਆਂ ਅੰਦਰ 40 ਕਲੱਸਟਰ ਅਤੇ ਸਹਾਇਕ ਕਲੱਸਟਰ ਅਫ਼ਸਰ ਲਗਾਏ ਗਏ ਹਨ। ਇਸ ਤੋਂ ਇਲਾਵਾ 250 ਦੇ ਕਰੀਬ ਨੋਡਲ ਅਫ਼ਸਰ ਪਿੰਡ ਪੱਧਰ 'ਤੇ ਲਗਾਏ ਗਏ ਹਨ ਜੋ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਨੂੰ ਅੱਗ ਲੱਗਣ ਦੇ ਕੇਸਾਂ 'ਤੇ ਨਜ਼ਰ ਰੱਖਣਗੇ।