ਬ੍ਰਹਮ ਮਹਿੰਦਰਾ, ਸਿੱਧੂ, ਸਰਕਾਰੀਆ ਅਤੇ ਧਰਮਸੋਤ ਵਲੋਂ ਅਧਿਕਾਰੀਆਂ ਨਾਲ ਵਿਚਾਰਾਂ
ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਹੰਭਲਾ......
ਅੰਮ੍ਰਿਤਸਰ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਅੱਜ ਲਗਾਤਾਰ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ, ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਜੰਗਲਾਤ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਰੇਲ ਹਾਦਸੇ ਦੇ ਪੀੜਤਾਂ ਦੇ ਚੱਲ ਰਹੇ ਇਲਾਜ, ਪੀੜਤਾਂ ਦੇ ਮੁੜ ਵਸੇਬੇ ਦੀ ਯੋਜਨਾਬੰਦੀ ਅਤੇ ਰਾਹਤ ਕਾਰਜਾਂ ਦੀ ਨਜ਼ਰਸਾਨੀ ਕਰਨ ਲਈ ਪੁੱਜੇ। ਇੰਨਾਂ ਨੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ਼੍ਰੀ ਐਸ ਸ਼੍ਰੀਵਾਸਤਵਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ,
ਪਿੰਸੀਪਲ ਮੈਡੀਕਲ ਕਾਲਜ ਸ਼੍ਰੀਮਤੀ ਸੁਜਾਤਾ ਸ਼ਰਮਾ ਅਤੇ ਇਲਾਜ ਪ੍ਰੰਬਧਾਂ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਉਪਰੰਤ ਸਾਰੇ ਮੰਤਰੀ ਗੁਰੂ ਨਾਨਕ ਹਸਪਤਾਲ ਅਤੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਦਾ ਹਾਲ-ਚਾਲ ਅਤੇ ਡਾਕਟਰਾਂ ਕੋਲੋਂ ਮਰੀਜ਼ਾਂ ਲਈ ਕਿਸੇ ਕਿਸਮ ਦੀ ਜ਼ਰੂਰਤ ਦਾ ਪਤਾ ਲਗਾਉਣ ਲਈ ਪੁੱਜੇ। ਉਨਾਂ ਪੀੜਤਾਂ ਦੇ ਇਲਾਜ ਲਈ ਪ੍ਰਬੰਧਾਂ ਦੀ ਸਰਾਹਨਾ ਕੀਤੀ ਅਤੇ ਗ਼ੈਰ ਸਰਕਾਰੀ ਜਥੇਬੰਦੀਆਂ ਅਤੇ ਸਮਾਜ ਸੇਵੀ ਵਿਅਕਤੀਆਂ, ਜਿੰਨਾਂ ਨੇ ਲੋੜਵੰਦ ਲਈ ਖੂਨ, ਲੰਗਰ, ਪਾਣੀ, ਸਸਕਾਰ ਲਈ ਲੱਕੜਾਂ, ਮਾਨਵੀ ਸਹਾਇਤਾ ਦਾ ਪ੍ਰਬੰਧ ਕੀਤਾ, ਉਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਸ੍ਰੀ ਮਹਿੰਦਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਮਰੀਜਾਂ ਦੀ ਸਿਹਤ ਦਾ ਹਾਲ-ਚਾਲ ਪੁੱਛਦੇ ਨਿਰਦੇਸ਼ ਦਿੱਤੇ ਕਿ ਉਹ ਮਰੀਜ਼ ਦੀ ਹਾਲਤ ਨੂੰ ਵੇਖਦੇ ਹੋਏ ਉਨਾਂ ਨੂੰ ਵੱਡੇ ਹਸਪਤਾਲ ਚਾਹੇ ਉਹ ਨਿੱਜੀ ਖੇਤਰ ਦੇ ਹੀ ਕਿਉਂ ਨਾ ਹੋਣ, ਰੈਫਰ ਕਰ ਸਕਦੇ ਹਨ। ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਇੰਨਾਂ ਨੂੰ ਪੈਰਾਂ ਸਿਰ ਖੜੇ ਕਰਨ ਤੱਕ ਜਾਰੀ ਰਹੇਗਾ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁੱਝ ਇਕ ਸ਼ਰਾਰਤੀ ਕਿਸਮ ਦੇ ਰਾਜਸੀ ਵਿਅਕਤੀ ਦੇ ਮਗਰ ਲੱਗ ਕੇ ਮਾਹੌਲ ਨੂੰ ਪੁੱਠੀ ਰੰਗਤ ਨਾ ਦੇਣ।
ਕੈਬਨਿਟ ਮੰਤਰੀਆਂ ਨੇ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਤਲਾਸ਼ ਕਰਕੇ ਉਨਾਂ ਨੂੰ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ ਛੇਤੀ ਜਾਰੀ ਕਰਨ ਅਤੇ ਉਨਾਂ ਦੇ ਪਿੱਛੇ ਰਹਿ ਗਏ ਮੈਂਬਰਾਂ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਲਈ ਹੁਨਰਮੰਦ ਸਿੱਖਿਆ ਦੇਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ, ਜਿੰਨਾਂ ਪਰਿਵਾਰਾਂ ਦੇ ਇਕੱਲੇ ਬੱਚੇ ਪਿੱਛੇ ਰਹਿ ਗਏ ਹਨ, ਉਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਜਾਂ ਵਿਅਕਤੀਆਂ ਦੇ ਗੋਦ ਲੈਣ ਦੀ ਪ੍ਰੀਕ੍ਰਿਆ ਵੀ ਸ਼ੁਰੂ ਕੀਤੀ ਜਾਵੇ, ਤਾਂ ਜੋ ਉਨਾਂ ਦਾ ਪਾਲਣ-ਪੋਸ਼ਣ ਸਹੀ ਹੋ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਸ੍ਰੀ ਰਜਤ ਉਬਰਾਏ ਵੀ ਹਾਜ਼ਰ ਸਨ।