ਚੋਣ ਪ੍ਰਚਾਰ ਦੌਰਾਨ ਅਜਿਹੇ ਬਿਆਨ ਚਰਚਾ ਦਾ ਵਿਸ਼ਾ ਬਣੇ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਪ੍ਰਚਾਰ ਦੌਰਾਨ 'ਟਰੱਕ ਭਰ ਕੇ ਨੋਟ', ' ਪਿੰਡ ਦੀ ਨੂੰਹ ਤੇ ਧੀ', 'ਤਨਖਾਹਾਂ ਦੇਣ ਦੇ ਪੈਸੇ ਨਹੀਂ' ਵਰਗੇ ਬਿਆਨ ਚਰਚਾ ਦਾ ਵਿਸ਼ਾ ਬਣੇ

Political leaders

ਚੰਡੀਗੜ੍ਹ : ਪੰਜਾਬ 'ਚ ਚਾਰ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਅੱਜ ਸਮਾਪਤ ਹੋ ਗਈ। ਇਸ ਦੌਰਾਨ ਭਾਰੀ ਗਿਣਤੀ 'ਚ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸੂਬੇ 'ਚ ਅਮਨ-ਅਮਾਨ ਨਾਲ ਵੋਟਾਂ ਪਾਉਣ ਦਾ ਕੰਮ ਨੇਪਰੇ ਚੜ੍ਹਿਆ। ਪੰਜਾਬ ਜ਼ਿਮਨੀ ਚੋਣਾਂ 'ਚ ਚੋਣ ਪ੍ਰਚਾਰ ਦੌਰਾਨ ਕਈ ਸਿਆਸੀ ਆਗੂਆਂ ਦੇ ਅਜਿਹੇ ਅਜੀਬੋ-ਗਰੀਬ ਬਿਆਨ ਸਾਹਮਣੇ ਆਏ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੀਆਂ ਵੱਖੀਆਂ ਹੱਸ-ਹੱਸ ਦੁਖਣ ਲੱਗ ਗਈਆਂ।

ਪਿੰਡ ਬੱਦੋਵਾਲ ਵਿਖੇ ਦਾਖਾ ਜਿਮਨੀ ਚੋਣ ਲਈ ਅਕਾਲੀ-ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਹੋਏ ਚੋਣ ਜਲਸੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਿਹੀ ਗੱਲ ਕਹਿ ਜਿਸ ਨੂੰ ਸੁਣ ਕੇ ਲੋਕ ਠਾਠਾਂ ਮਾਰ ਕੇ ਹੱਸਣ ਲੱਗੇ। ਸੁਖਬੀਰ ਨੇ ਆਖਿਆ ਕਿ ਸਰਕਾਰ ਬਣਨ 'ਤੇ ਹਲਕਾ ਦਾਖਾ ਲਈ ਨੋਟਾਂ ਦਾ ਵੱਡਾ ਟਰੱਕ ਲਿਆਵਾਂਗਾ। ਲੈ ਲਿਓ ਜਿੰਨਾ ਮਰਜ਼ੀ ਪੈਸਾ। ਜਿਸ 'ਤੇ ਪੰਡਾਲ ਵਿਚ ਬੈਠੇ ਲੋਕਾਂ ਨੇ ਤਾੜੀਆਂ ਤੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ।

ਪਿੰਡ ਜੋਧਾ ਚੋਣ ਪ੍ਰਚਾਰ ਲਈ ਗਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਦ ਨੂੰ ਪਿੰਡ ਦੀ ਨੂੰਹ ਦੱਸਦਿਆਂ ਉਨ੍ਹਾਂ ਦੇ ਭਰਾ ਉਮੀਦਵਾਰ ਮਨਪ੍ਰੀਤ ਇਆਲੀ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ 'ਤੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਖੁੱਦ ਚੋਣ ਲੜੇ ਸਨ, ਇਸ ਲਈ ਉਹ ਇਸ ਪਿੰਡ ਦੀ ਨੂੰਹ ਤੇ ਧੀ ਲੱਗਦੀ ਹੈ ਅਤੇ ਜਦੋਂ ਧੀ ਆਉਂਦੀ ਹੈ ਤਾਂ ਮਾਪੇ ਮਾਣ ਰੱਖਦੇ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ 'ਚ ਤੁਹਾਡੀ ਧੀ ਤੇ ਨੂੰਹ ਮੰਤਰੀ ਹੈ, ਕੇਂਦਰ 'ਤੋਂ ਗ੍ਰਾਂਟਾਂ ਦੇ ਗੱਫਿਆਂ ਦੀ ਝੜੀ ਲਗਾ ਦੇਣਗੇ।

ਜਲਾਲਾਬਾਦ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਸਿੱਧ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਇਕ ਅਜਿਹਾ ਬਿਆਨ  ਦਿੱਤਾ ਹੈ ਜਿਸ ਨੂੰ ਸੁਣ ਕੇ ਬੇਰੁਜ਼ਗਾਰਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਸਦੀਕ ਤੋਂ ਕਿਸੇ ਵਿਅਕਤੀ ਵਲੋਂ ਨੌਕਰੀਆਂ ਦੇਣ ਸਬੰਧੀ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰ ਵਲੋਂ ਪੈਸੇ ਕੇਂਦਰ ਸਰਕਾਰ ਨੂੰ ਦੇ ਦਿੱਤੇ ਗਏ ਸਨ ਅਤੇ ਹੁਣ ਹਾਲਾਤ ਇਹ ਹਨ ਕਿ ਉਨ੍ਹਾਂ ਕੋਲ ਤਾਂ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਦੇ ਵੀ ਪੈਸੇ ਨਹੀਂ ਹਨ ਤਾਂ ਫਿਰ ਉਹ ਨਵੀਆਂ ਨੌਕਰੀਆਂ ਕਿੱਥੋਂ ਦੇਣਗੇ?

ਜਲਾਲਾਬਾਦ 'ਚ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਚੋਣ ਪ੍ਰਚਾਰ ਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਹੀ ਉਮੀਦਵਾਰ ਦੇ ਵਿਰੁਧ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਦਰਅਸਲ ਹੋਇਆ ਇੰਝ ਕਿ ਸੇਖੋਂ ਨੇ ਬੋਲਦਿਆਂ ਜਲਾਲਾਬਾਦ ਤੋਂ ਅਕਾਲੀ ਉਮੀਦਵਾਰ ਡਾ. ਰਾਜ ਕੁਮਾਰ ਨੂੰ ਭਾਰੀ ਵੋਟਾਂ ਨਾਲ ਹਰਾਉਣ ਦੀ ਗੱਲ ਕਹਿ ਦਿੱਤੀ ਜਿਸ ਨੂੰ ਵੇਖ ਕੇ ਸਾਹਮਣੇ ਖੜੇ ਲੋਕ ਹੈਰਾਨ ਰਹਿ ਗਏ। ਬਾਅਦ 'ਚ ਉਨ੍ਹਾਂ ਨੇ ਆਪਣੀ ਗ਼ਲਤੀ ਸੁਧਾਰੀ।

ਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਸਾਫ਼ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਸਰਕਾਰ ਨਹੀਂ ਚਾਹੁੰਦੀ ਕਿ ਗ਼ਰੀਬ ਦਾ ਬੱਚਾ ਪੜ੍ਹੇ ਲਿਖੇ। ਜੇ ਉਹ ਪੜ੍ਹ-ਲਿਖ ਗਿਆ ਤਾਂ ਉਨ੍ਹਾਂ ਨੇ ਲੀਡਰਾਂ ਨੂੰ ਨਹੀਂ ਪੁੱਛਣਾ ਹੈ।