ਕੇਂਦਰੀ ਖੇਤੀ ਐਕਟ ਵਿਰੁਧ ਪਾਸ ਕੀਤੇ ਬਿਲ ਰਾਜਪਾਲ ਕੋਲ
ਕੇਂਦਰੀ ਖੇਤੀ ਐਕਟ ਵਿਰੁਧ ਪਾਸ ਕੀਤੇ ਬਿਲ ਰਾਜਪਾਲ ਕੋਲ
ਮੁੱਖ ਮੰਤਰੀ, ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਖ਼ੁਦ ਮਿਲੇ
ਚੰਡੀਗੜ੍ਹ, 20 ਅਕਤੂਬਰ (ਜੀ.ਸੀ. ਭਾਰਦਵਾਜ) : ਵਿਧਾਨ ਸਭਾ ਵਿਚ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਸਰਬਸੰਮਤੀ ਨਾਲ ਪਾਸ ਕੀਤੇ ਕੇਂਦਰੀ ਖੇਤੀ ਐਕਟਾਂ ਵਿਰੁਧ ਬਿਲਾਂ ਨੂੰ ਲੈ ਕੇ ਅੱਜ ਸ਼ਾਮ 4 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਕਾਂਗਰਸੀ ਵਿਧਾਇਕਾਂ ਸਮੇਤ ਅਕਾਲੀ ਦਲ ਤੇ 'ਆਪ' ਦੇ ਮੈਂਬਰਾਂ ਨੂੰ ਨਾਲ ਲੈ ਕੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲੇ।
ਮੁਲਾਕਾਤ ਉਪਰੰਤ ਰਾਜ ਭਵਨ ਤੋਂ ਬਾਹਰ ਆ ਕੇ ਖਚਾਖਚ ਭਰੀ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਐਕਟਾਂ ਨੂੰ ਲਾਗੂ ਕਰਨ ਨਾਲ ਪੰਜਾਬ ਤਬਾਹ ਹੋ ਜਾਵੇਗਾ ਅਤੇ ਕਿਸਾਨੀ ਤਬਾਹ ਹੁੰਦੀ ਕਾਂਗਰਸ ਸਰਕਾਰ ਨਹੀਂ ਸਹਿਣ ਕਰ ਸਕਦੀ। ਮੁੱਖ ਮੰਤਰੀ ਨੇ ਦੁੱਖ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲਈ ਇਹ ਨਵਾਂ ਐਕਟ ਪੰਜਾਬ ਸਿਰ ਥੋਪਿਆ ਹੈ ਜਿਸ ਨਾਲ ਹੌਲੀ ਹੌਲੀ ਕਿਸਾਨ ਦੀ ਗਰਦਨ ਵੱਡੇ ਵਪਾਰੀਆਂ ਹੱਥ ਆ ਜਾਵੇਗੀ। ਇਹ ਪੁਛੇ ਜਾਣ 'ਤੇ ਕਿ ਜੇ ਰਾਜਪਾਲ ਇਨ੍ਹਾਂ ਬਿਲਾਂ ਜਾਂ ਤਰਮੀਮੀ ਪ੍ਰਸਤਾਵਾਂ 'ਤੇ ਦਸਤਖ਼ਤ ਨਹੀਂ ਕਰਨਗੇ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਕੋਲ ਜਾਣਗੇ ਅਤੇ ਹਰ ਵੇਲੇ ਅਸਤੀਫ਼ਾ ਵੀ ਜੇਬ ਵਿਚ ਪਾਈ ਰੱਖ ਕੇ ਕਿਸੇ ਵੇਲੇ ਵੀ ਕੁਰਸੀ ਨੂੰ ਲੱਤ ਮਾਰਨ ਲਈ ਤਿਆਰ ਹਾਂ।
ਮੀਡੀਆ ਵਲੋਂ ਅਨੇਕਾਂ ਤਰ੍ਹਾਂ ਦੇ ਐਮ.ਐਸ.ਪੀ., ਵਪਾਰਕ ਦਾਅ ਪੇਚ, ਫ਼ਸਲਾਂ ਦੀ ਖ਼ਰੀਦ, ਸਟਾਕ, ਪੰਜਾਬ ਤੇ ਅਸਰ ਬਾਰੇ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਿਹਾ ਕਿ ਸੂਬਾ ਸਰਕਾਰ ਕੋਲੋਂ 60-65,000 ਕਰੋੜ ਦੀ ਰਕਮ ਦਾ ਬੰਦੋਬਸਤ ਕਰਨਾ ਅਸੰਭਵ ਹੈ ਅਤੇ ਕੇਂਦਰ ਨੂੰ ਅੜੀਅਲ ਰਵਈਆ ਬੰਦ ਕਰ ਕੇ ਕਿਸਾਨਾਂ ਦੇ ਹਿਤ ਵਿਚ ਇਨ੍ਹਾਂ ਨਵੇਂ ਐਕਟਾਂ ਵਿਚ ਤਰਮੀਮ ਕਰਨੀ ਬਣਦੀ ਹੈ। ਕੇਂਦਰ ਦੀ ਬੀਜੇਪੀ ਸਰਕਾਰ ਨਾਲ ਸਾਹਮਣੇ ਚੈਲੰਜ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਰਸੀ ਪਿਆਰੀ ਨਹੀਂ, ਕਿਸਾਨੀ ਪਿਆਰੀ ਹੈ, ਪੰਜਾਬ ਪਿਆਰਾ ਹੈ ਅਤੇ ਕੇਂਦਰ ਵਲੋਂ ਅਪਣਾਇਆ ਜਾ ਰਿਹਾ ਰਵਈਆ ਅਤੇ ਕੀਤਾ ਜਾ ਰਿਹਾ ਵਿਤਕਰਾ ਪੰਜਾਬ ਨੂੰ ਹਰ ਤਰ੍ਹਾਂ ਨਾਲ ਆਰਥਕ ਸੰਕਟ ਵਿਚ ਪਾ ਰਿਹਾ ਹੈ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਅਜੇ ਤਕ 7 ਮਹੀਨੇ ਦੀ ਜੀ.ਐਸ.ਟੀ. ਦਾ ਬਕਾਇਆ 9000 ਕਰੋੜ ਨਹੀਂ ਦਿਤਾ।
ਉਨ੍ਹਾਂ ਸਪਸ਼ਟ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਪੰਜਾਬ ਅਤੇ ਕਿਸਾਨਾਂ ਨਾਲ ਇਹੀ ਵਤੀਰਾ ਰੱਖਿਆ ਤਾਂ ਨੌਜਵਾਨਾਂ ਵੀ ਸੜਕਾਂ 'ਤੇ ਆਵੇਗਾ, ਮੁੜ ਕੇ ਪੰਜਾਬ ਵਿਚ ਕਾਲਾ ਦੌਰ ਆਏਗਾ। ਪਾਕਿਸਤਾਨ ਤੇ ਚੀਨ ਸਾਡੇ ਦੁਸ਼ਮਣ ਇਸ ਦਾ ਫ਼ਾਇਦਾ ਲੈਣਗੇ, ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਖ਼ਰਾਬ ਹੋਵੇਗੀ।
ਵਿਧਾਨ ਸਭਾ ਵਿਚ ਸਾਰੀਆਂ ਧਿਰਾਂ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਬਿਲਾਂ ਨੂੰ ਰਾਜਪਾਲ ਕੋਲ ਸੌਂਪਣ ਵੇਲੇ 'ਆਪ' ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਸ਼ਰਨਜੀਤ ਢਿੱਲੋਂ ਨੇ ਵੀ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਵੀ ਕਿਸਾਨੀ ਹਿਤ ਵਿਚ ਮੁੱਖ ਮੰਤਰੀ ਦਾ ਸਾਥ ਦੇਣ ਦਾ ਵਾਅਦਾ ਨਿਭਾਇਆ ਹੈ।
ਫ਼ੋਟੋ: ਸੰਤੋਖ ਸਿੰਘ ਵਲੋਂ ਨੰ. 1-2
ਰਾਜਪਾਲ ਨੂੰ ਬਿਲਾਂ ਦੀ ਕਾਪੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ, ਸ਼ਰਨਜੀਤ ਸਿੰਘ ਢਿੱਲੋਂ ਅਤੇ ਹੋਰ। (ਸੰਤੋਖ ਸਿੰਘ)