ਨੌਜਵਾਨ ਦਾ ਕਤਲ ਕਰ ਕੇ ਵੇਈਂ ਨਦੀ ਵਿਚ ਸੁੱਟੀ ਲਾਸ਼ ਬਰਾਮਦ, ਚਾਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਦਾ ਕਤਲ ਕਰ ਕੇ ਵੇਈਂ ਨਦੀ ਵਿਚ ਸੁੱਟੀ ਲਾਸ਼ ਬਰਾਮਦ, ਚਾਰ ਗ੍ਰਿਫ਼ਤਾਰ

image

ਜਲੰਧਰ, 20 ਅਕਤੂਬਰ (ਵਰਿੰਦਰ ਸ਼ਰਮਾ): ਥਾਣਾ ਸਦਰ ਨਕੋਦਰ ਅਧੀਨ ਆਉਂਦੇ ਪਿੰਡ ਬਜੂਹਾ ਖ਼ੁਰਦ ਵਿਖੇ ਬੀਤੀ 9 ਸਤੰਬਰ ਨੂੰ ਅਭਿਸ਼ੇਕ ਸਹੋਤਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਮੁਜੱਫ਼ਰਪੁਰ ਨਕੋਦਰ ਦੀ ਲਾਸ਼ ਵੇਈ ਵਿਚੋਂ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਚਾਰ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਐਸ.ਐਸ.ਪੀ. ਜਲੰਦਰ ਦਿਹਾਤੀ ਸੰਦੀਪ ਗਰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਸਦਰ ਪੁਲਿਸ ਨੁੰ ਦਿਤੇ ਬਿਆਨਾਂ ਵਿਚ ਮ੍ਰਿਤਕ ਦੇ ਜੀਜਾ ਚਰਨਜੀਤ ਸਿੰਘ ਵਾਸੀ ਨਕੋਦਰ ਨੇ ਦਸਿਆ ਕਿ ਮੇਰਾ ਸਾਲਾ ਅਵਿਸ਼ੇਕ ਸਹੋਤਾ ਦੀ ਬੀਤੀ 9 ਸਤੰਬਰ ਨੂੰ ਲਾਸ਼ ਗੰਦੀ ਵੇਈ ਜੁਗਰਾਲ ਰੋਡ ਪਿੰਡ ਬਜੂਹਾ ਖੁਰਦ ਵਿਚੋਂ ਸਮੇਤ ਸਕੂਟਰੀ ਐਕਟਿਵਾ ਮਿਲੀ ਸੀ।
  ਅਭਿਸ਼ੇਕ ਬੀਤੀ 8 ਸਤੰਬਰ ਨੂੰ ਵਕਤ ਕਰੀਬ 6:30 ਸ਼ਾਮ ਨੂੰ ਨਕੋਦਰ ਤੋਂ ਪਿੰਡ ਚੱਕ ਮੁਗਲਾਨੀ ਅਪਣੇ ਦੋਸਤ ਰਵੀ ਪੁੱਤਰ ਪਰਮਜੀਤ ਵਾਸੀ ਮੁਜੱਫ਼ਰਪੁਰ ਨਾਲ ਪਿੰਡ ਚੱਕ ਮੁਗਲਾਨੀ ਵਿਖੇ ਇਕ ਐਨ.ਆਰ.ਆਈ. ਦੀ ਕੋਠੀ ਜਿਸ ਦੀ ਦੇਖਭਾਲ ਰਾਜਾ ਪੁੱਤਰ ਬਲਵੀਰ ਵਾਸੀ ਨਵਾ ਪਿੰਡ ਸ਼ੌਕੀਆ ਹਾਲ ਵਾਸੀ ਮੁਜੱਫ਼ਰਪੁਰ ਕਰਦਾ ਕੋਲ ਉੱਥੇ ਚਲੇ ਗਏ। ਬਾਅਦ ਵਿਚ ਰਾਜਾ, ਪਵਿੱਤਰ ਅਤੇ ਪਰਮਜੀਤ ਵੀ ਕੋਠੀ ਵਿਚ ਆ ਗਏ, ਜਿੱਥੇ ਪਵਿੱਤਰ ਅਤੇ ਰਾਜਾ ਤੋਂ ਇਲਾਵਾ ਬਾਕੀਆ ਨੇ ਇਕੱਠੇ ਹੀ ਸ਼ਰਾਬ ਅਤੇ ਹੋਰ ਨਸ਼ੇ ਵਾਲੇ ਪਦਾਰਥ ਦਾ ਸੇਵਨ ਕੀਤਾ।
   ਇਸ ਉਪਰੰਤ ਰਾਜਾ, ਰਵੀ, ਪਵਿੱਤਰਅਤੇ ਪਰਮਜੀਤ ਦਾ ਉਸ ਦੇ ਸਾਲੇ ਅਭਿਸ਼ੇਕ ਨਾਲ ਕਿਸੇ ਗੱਲ ਕਾਰਨ ਝਗੜਾ ਹੋ ਗਿਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਅਭਿਸ਼ੇਕ ਨੂੰ ਮਾਰ ਦੇਣ ਦੇ ਇਰਾਦੇ ਨਾਲ ਕੋਈ ਨਸ਼ੇ ਵਾਲਾ ਜਾਂ ਜ਼ਹਿਰੀਲਾ ਪਦਾਰਥ ਦੇ ਦਿਤਾ ਜਿਸ ਨਾਲ ਅਭਿਸ਼ੇਕ ਬੇਹੋਸ਼ ਹੋ ਗਿਆ। ਇਨ੍ਹਾਂ ਨੇ ਅਭਿਸ਼ੇਕ ਅਤੇ ਉਸ ਦੀ ਸਕੂਟਰੀ 9 ਸਤੰਬਰ ਅੱਧੀ ਰਾਤ ਨੂੰ ਪਿੰਡ ਬਜੂਹਾ ਖ਼ੁਰਦ ਵਿਖੇ ਗੰਦੀ ਵੇਈਂ ਵਿਚ ਸਬੂਤ ਖੁਰਦ-ਬੁਰਦ ਕਰਨ ਦੀ ਨਿਅਤ ਨਾਲ ਸੁੱਟ ਦਿਤਾ ਸੀ ਜਿਸ ਨਾਲ ਅਭਿਸ਼ੇਕ ਦੀ ਮੌਤ ਹੋ ਗਈ। ਮ੍ਰਿਤਕ ਦੇ ਜੀਜਾ ਚਰਨਜੀਤ ਸਿੰਘ ਦੇ ਬਿਆਨਾਂ ਉਤੇ ਰਾਜਾ, ਪਵਿੱਤਰ, ਜੋਗਿੰਦਰ ਪਾਲ ਅਤੇ ਪਰਮਜੀਤ ਵਿਰੁਧ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਾਹੰਵਾਲ ਤੋਂ ਗ੍ਰਿਫ਼ਤਾਰ-2 ਦਿਨ ਦਾ ਮਿਲਿਆ ਪੁਲਿਸ ਰਿਮਾਡ: ਡੀ.ਐਸ.ਪੀ. ਮਾਹਲ ਐਸ.ਐਸ.ਪੀ. ਜਲੰਦਰ ਦਿਹਾਤੀ ਸੰਦੀਪ ਗਰਗ ਨੇ ਦਸਿਆ ਕਿ ਮਾਮਲਾ ਦਰਜ ਹੋਣ ਉਪਰੰਤ ਉਕਤ ਸਾਰੇ ਮੁਲਜ਼ਮ ਘਰਂੋ ਫ਼ਰਾਰ ਹੋ ਗਏ ਹਨ।
    ਡੀ.ਐਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ ਅਗਵਾਈ ਹੇਠ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਨੇ ਉਕਤ ਮਾਮਲੇ ਵਿਚ ਲੋੜੀਂਦੇ ਚਾਰੋਂ ਮੁਲਜ਼ਮਾਂ ਨੂੰ ਪਿੰਡ ਮਾਹੰਵਾਲ ਤੋਂ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਕੇ ਮਾਮਲੇ ਦੀ ਗੁੱਥੀ ਸੁਲਝਾਈ ਹੈ। ਡੀ.ਐਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਦਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਡ ਹਾਸਲ ਕਰ ਕੇ ਮਾਮਲੇ ਸਬੰਧੀ ਹੋਰ ਪੁਛਗਿਛ ਕੀਤੀ ਜਾਵੇਗੀ।