ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਆਖ਼ਰੀ ਦਿਨ ਅੱਜ, ਥੋੜੀ ਦੇਰ 'ਚ ਸ਼ੁਰੂ ਹੋਵੇਗੀ ਕਾਰਵਾਈ
ਬੀਤੇ ਦਿਨ ਇਕ ਦਿਨ ਲਈ ਹੋਰ ਵਧਾਇਆ ਗਿਆ ਸੀ ਵਿਸ਼ੇਸ਼ ਇਜਲਾਸ
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ। ਅੱਜ ਵਿਸ਼ੇਸ਼ ਇਜਲਾਸ ਦਾ ਆਖ਼ਰੀ ਅਤੇ ਤੀਜਾ ਦਿਨ ਹੈ। ਦੱਸ ਦਈਏ ਕਿ ਬੀਤੇ ਦਿਨ ਵਿਸ਼ੇਸ਼ ਇਜਲਾਸ ਇਕ ਦਿਨ ਲਈ ਹੋਰ ਵਧਾ ਦਿੱਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰਨ ਲਈ ਇਕ ਦਿਨ ਦਾ ਇਜਲਾਸ ਬੁਲਾਇਆ ਗਿਆ ਸੀ ਪਰ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਨੂੰ ਵਧਾ ਕੇ 2 ਦਿਨ ਦਾ ਕਰ ਦਿੱਤਾ ਗਿਆ। ਬੀਤੇ ਦਿਨ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਨ ਸਭਾ ਦਾ ਇਜਲਾਸ ਬੁੱਧਵਾਰ ਤੱਕ ਅੱਗੇ ਵਧਾਉਣ ਬਾਰੇ ਪ੍ਰਸਤਾਵ ਦਿੱਤਾ ਸੀ।
ਇਸ 'ਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਇਜਲਾਸ ਅੱਗੇ ਵਧਾਇਆ ਜਾਵੇਗਾ। ਬੀਤੇ ਦਿਨ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਾਰੇ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਪਾਸ ਕੀਤੇ ਬਿਲਾਂ ਦੀ ਕਾਪੀ ਪੰਜਾਬ ਦੇ ਰਾਜਪਾਲ ਨੂੰ ਸੌਂਪੀ।