ਕੈਪਟਨਨੂੰ ਕਾਂਗਰਸਨੇਹਮੇਸ਼ਾਅਹੁਦੇ ਬਖ਼ਸ਼ੇਪਰਉਹਪਾਰਟੀਦੀਪਿੱਠ 'ਚਛੁਰੇਮਾਰਦੇਰਹੇ ਸੁਖਜਿੰਦਰ ਸਿੰਘਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੂੰ  ਕਾਂਗਰਸ ਨੇ ਹਮੇਸ਼ਾ ਅਹੁਦੇ ਬਖ਼ਸ਼ੇ ਪਰ ਉਹ ਪਾਰਟੀ ਦੀ ਪਿੱਠ 'ਚ ਛੁਰੇ ਮਾਰਦੇ ਰਹੇ : ਸੁਖਜਿੰਦਰ ਸਿੰਘ ਰੰਧਾਵਾ

image

ਕਿਹਾ, ਈ.ਡੀ. ਦੇ ਕੇਸਾਂ ਤੇ ਅਰੂਸਾ ਦੇ ਮਾਮਲੇ ਦਾ ਭੇਦ ਖੁਲ੍ਹਣ ਦੇ ਡਰੋਂ ਮੋਦੀ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਹਿਤ ਵੇਚੇ

ਚੰਡੀਗੜ੍ਹ, 20 ਅਕਤੂਬਰ (ਗੁਰਉਪਦੇਸ਼ ਭੁੱਲਰ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੀ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਗਠਜੋੜ ਕਰਨ ਬਾਰੇ ਕੀਤੇ ਐਲਾਨ ਬਾਰੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਟਿਪਣੀਆਂ ਕਰਦਿਆਂ ਗੰਭੀਰ ਦੋਸ਼ਾਂ ਦੀ ਬੁਛਾੜ ਕੀਤੀ ਹੈ | 
ਅੱਜ ਇਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ  ਹਮੇਸ਼ਾ ਅਹੁਦੇ ਬਖ਼ਸ਼ੇ ਪਰ ਉਹ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਦੇ ਰਹੇ | ਉਨ੍ਹਾਂ ਨੇ ਸਿਰਫ਼ ਅਪਣੀ ਸਿਆਸਤ ਹੀ ਅੱਗੇ ਰੱਖੀ ਤੇ ਪ੍ਰਵਾਰ ਤੇ ਦੋਸਤਾਂ ਦਾ ਹੀ ਖ਼ਿਆਲ ਰਖਿਆ | ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਕੇਂਦਰ ਦੀ ਈ.ਡੀ. ਵਲੋਂ ਦਰਜ ਕੇਸਾਂ ਅਤੇ ਅਰੂਸਾ ਆਲਮ ਦੇ ਮਾਮਲੇ ਦਾ ਭੇਦ ਖੁਲ੍ਹਣ ਦੇ ਡਰੋਂ ਹੀ ਪੰਜਾਬ ਦੇ ਹਿਤ ਕੇਂਦਰ ਦੀ ਮੋਦੀ ਸਰਕਾਰ ਕੋਲ ਵੇਚ ਦਿਤੇ | ਬੀ.ਐਸ.ਐਫ਼ ਦੇ ਅਧਿਕਾਰ ਖੇਤਰ ਵਧਾਉਣ ਦੇ ਹੱਕ ਵਿਚ ਕੈਪਟਨ ਦਾ ਬਿਆਨ ਬੜਾ ਹੀ ਅਫ਼ਸੋਸਨਾਕ ਹੈ ਅਤੇ ਜੇ ਉਨ੍ਹਾਂ ਵਿਚ ਜ਼ਮੀਰ ਜਾਗਦੀ ਹੈ ਤਾਂ ਅੱਜ ਹੀ ਇਹ ਬਿਆਨ ਵਾਪਸ ਲੈਣ | ਕੈਪਟਨ ਵਲੋਂ ਭਵਿੱਖ ਵਿਚ ਭਾਜਪਾ 'ਚ ਸ਼ਾਮਲ ਹੋਣ ਬਾਰੇ ਸਵਾਲਾਂ ਦੇ ਜਵਾਬ ਵਿਚ ਰੰਧਾਵਾ ਨੇ ਕਿਹਾ ਕਿ ਇਸ ਦਾ ਕਾਂਗਰਸ ਉਪਰ ਕੋਈ ਅਸਰ ਨਹੀਂ ਪੈਣ ਵਾਲਾ ਬਲਕਿ ਭਾਜਪਾ ਵੀ ਖ਼ਤਮ ਹੋ ਜਾਵੇਗੀ ਤੇ ਕੈਪਟਨ ਵੀ ਖ਼ਤਮ ਹੋ ਜਾਵੇਗਾ |
ਕੈਪਟਨ ਵਲੋਂ ਪੰਜਾਬ ਵਿਚੋਂ ਡਰੋਨ ਤੇ ਹਥਿਆਰਾਂ ਸਮੇਤ ਕਈ ਮਡਿਊਲ ਫੜੇ ਜਾਣ ਦਾ ਹਵਾਲਾ ਦੇ ਕੇ ਪੰਜਾਬ ਦੀ ਸੁਰੱਖਿਆ ਬਾਰੇ ਖ਼ਤਰੇ ਦੀ ਗੱਲ ਕੀਤੇ ਜਾਣ ਸਬੰਧੀ ਰੰਧਾਵਾ ਨੇ ਕਿਹਾ ਕਿ ਜਿਹੜੀ ਬੀ.ਐਸ.ਐਫ਼ ਬਾਰਡਰ ਉਪਰ ਮੰਤਰੀ ਤੇ ਡਿਪਟੀ ਕਮਿਸ਼ਨਰ ਤਕ ਦੇ ਮੋਬਾਈਲ ਜਮ੍ਹਾਂ ਕਰਵਾ ਲੈਂਦੀ ਹੈ ਤੇ ਸਾਡੇ ਗੰਨਮੈਨ ਬਾਹਰ ਖੜੇ ਕਰ ਦਿਤੇ ਜਾਂਦੇ ਹਨ ਤਾਂ ਡਰੋਨ ਬਾਰਡਰ ਤੋਂ ਪਾਰ ਹੋ ਕੇ ਕਿਵੇਂ ਆ ਜਾਂਦੇ ਹਨ?  ਟਿਫ਼ਨ ਬੰਬ ਕਿਵੇਂ ਆ ਰਹੇ ਹਨ? ਉਨ੍ਹਾਂ ਕਿਹਾ ਕਿ ਮਡਿਊਲ ਫੜੇ ਜਾਣ ਦੀ ਗੱਲ ਤਾਂ ਛੱਡੋ ਬਲਕਿ ਕੈਪਟਨ ਤਾਂ ਖ਼ੁਦ ਹੀ ਇਕ ਮਡਿਊਲ ਹੈ | ਪਾਕਿਸਤਾਨ ਤੇ ਚੀਨ ਤੋਂ ਸਾਨੂੰ ਇੰਨਾ ਖ਼ਤਰਾ ਨਹੀਂ ਜਿਨ੍ਹਾਂ ਕੈਪਟਨ ਤੋਂ ਹੈ, ਜੋ ਪੰਜਾਬ ਤੇ ਪਾਰਟੀ ਨਾਲ ਗ਼ਦਾਰੀ ਕਰ ਕੇ ਕੇਂਦਰ ਵਿਚ ਭਾਜਪਾ ਨਾਲ ਮਿਲ ਕੇ ਸੂਬੇ ਦੇ ਹਿਤ ਵੇਚ ਰਿਹਾ ਹੈ | ਨਵੀਂ ਪਾਰਟੀ ਬਣਾ ਕੇ ਕਿਸਾਨਾਂ ਦੀ ਹਮਾਇਤ ਲੈਣ ਅਤੇ ਭਾਜਪਾ ਤੋਂ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਬਾਰੇ ਕੈਪਟਨ ਦੇ ਬਿਆਨ ਬਾਰੇ ਰੰਧਾਵਾ ਨੇ ਪੁਛਿਆ ਕਿ ਸਾਢੇ ਚਾਰ ਸਾਲ ਇਹ ਕੋਸ਼ਿਸ਼ਾਂ ਕਿਉਂ ਨਾ ਕੀਤੀਆਂ?
ਹੁਣ ਕਿਵੇਂ ਕਿਸਾਨ ਯਾਦ ਆ ਰਹੇ ਹਨ? ਕਾਂਗਰਸ ਵਲੋਂ ਅਪਮਾਨਤ ਕਰ ਕੇ ਅਹੁਦੇ ਤੋਂ ਹਟਾਏ ਜਾਣ ਦੇ ਕੈਪਟਨ ਦੇ ਦੋਸ਼ਾਂ ਨੂੰ  ਰੱਦ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਹ ਵੇਲਾ ਯਾਦ ਕਰਨ ਜਦੋਂ ਉਹ ਅਕਾਲੀ ਦਲ ਵਿਚ ਸਨ ਅਤੇ ਉਨ੍ਹਾਂ ਨੂੰ  ਬਾਦਲਾਂ ਨੇ ਟਿਕਟ ਦੇਣ ਤੋਂ ਨਾਂਹ ਕਰ ਕੇ ਪੂਰੀ ਤਰ੍ਹਾਂ ਬੇਇੱਜ਼ਤ ਕਰ ਕੇ ਪਾਰਟੀ ਬਾਹਰ ਕਢਿਆ ਸੀ | ਜਦਕਿ ਕਾਂਗਰਸ ਨੇ ਉਨ੍ਹਾਂ ਨੂੰ  ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਵਰਗੇ ਵੱਡੇ ਅਹੁਦਿਆਂ ਤਕ ਪਹੁੰਚਾਇਆ | ਉਨ੍ਹਾਂ ਕਿਹਾ ਕਿ ਕੈਪਟਨ ਦੇ ਹੁਣ ਕਾਂਗਰਸ ਛੱਡਣ ਨਾਲ ਪਾਰਟੀ ਨੂੰ  ਕੋਈ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਸਾਨੂੰ ਪਤਾ ਹੈ, ਹੁਣ ਉਸ ਦੀਆਂ ਲੱਤਾਂ ਵਿਚ ਕਿੰਨਾ ਦਮ ਹੈ | 
ਰੰਧਾਵਾ ਨੇ ਨਵਜੋਤ ਸਿੱਧੂ ਬਾਰੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਤੇ ਉਸ ਵਲੋਂ ਪਾਰਟੀ ਹਾਈਕਮਾਨ ਨੂੰ  ਪੱਤਰ ਲਿਖਣਾ ਬਣਦਾ ਹੈ ਤੇ ਅੱਗੇ ਹਾਈਕਮਾਨ ਸਰਕਾਰ ਨੂੰ  ਕਹਿੰਦੀ ਹੈ ਅਤੇ ਅਸੀ ਵੀ ਗੱਲ ਮੰਨਦੇ ਹਾਂ | ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਲੋਕਤੰਤਰ ਹੈ ਨਾ ਕਿ ਭਾਜਪਾ ਵਾਂਗ ਤਾਨਾਸ਼ਾਹੀ | ਸੱਭ ਨੂੰ  ਅਪਣੀ ਗੱਲ ਕਹਿਣ ਦਾ ਹੱਕ ਹੈ | 18 ਨੁਕਾਤੀ ਏਜੰਡੇ ਬਾਰੇ ਵੀ ਰੰਧਾਵਾ ਨੇ ਕਿਹਾ ਕਿ ਅਸੀ ਬੇਅਦਬੀ ਤੇ ਨਸ਼ਿਆਂ ਦੇ ਮੁੱਦਿਆਂ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ ਤੇ ਸਾਡਾ ਮੁੱਖ ਮੰਤਰੀ ਲੋਕਾਂ ਵਿਚ ਜਾ ਕੇ ਮਸਲੇ ਹੱਲ ਕਰ ਰਿਹਾ ਹੈ, ਨਾ ਕਿ ਕੈਪਟਨ ਵਾਂਗ ਘਰ ਵਿਚ ਬੈਠੇ ਰਹਿੰਦਾ ਹੈ |