ਸੀ.ਬੀ.ਐਸ.ਈ. ਵਲੋਂ ਪੰਜਾਬੀ ਵਿਸ਼ੇ ਨੂੰ  ਮੁੱਖ ਵਿਸ਼ਿਆਂ ਵਿਚੋਂ ਬਾਹਰ ਕਢਣਾ ਮੰਦਭਾਗਾ : ਪਰਗਟ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਸੀ.ਬੀ.ਐਸ.ਈ. ਵਲੋਂ ਪੰਜਾਬੀ ਵਿਸ਼ੇ ਨੂੰ  ਮੁੱਖ ਵਿਸ਼ਿਆਂ ਵਿਚੋਂ ਬਾਹਰ ਕਢਣਾ ਮੰਦਭਾਗਾ : ਪਰਗਟ ਸਿੰਘ

image

ਸਿਖਿਆ ਮੰਤਰੀ ਨੇ ਖੇਤਰੀ ਭਾਸ਼ਾਵਾਂ ਨੂੰ  ਸਬੰਧਤ ਸੂਬਿਆਂ ਵਿਚ ਮੁੱਖ ਵਿਸ਼ਾ ਬਣਾਉਣ ਦੀ ਕੀਤੀ ਵਕਾਲਤ

ਚੰਡੀਗੜ੍ਹ, 20 ਅਕਤੂਬਰ (ਜਸਪਾਲ ਸਿੰਘ) : ਪੰਜਾਬ ਦੇ ਸਿਖਿਆ ਅਤੇ ਉਚੇਰੀ ਸਿਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵਲੋਂ ਦਸਵੀਂ ਤੇ ਬਾਰ੍ਹਵੀਂ ਦੀ ਜਾਰੀ ਡੇਟਸ਼ੀਟ ਵਿਚ ਪੰਜਾਬੀ ਵਿਸ਼ੇ ਨੂੰ  ਮੁੱਖ ਵਿਸ਼ਿਆਂ ਵਿਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ  ਮੰਦਭਾਗਾ ਕਰਾਰ ਦਿਤਾ ਹੈ | ਉਨ੍ਹਾਂ ਕੇਂਦਰੀ ਬੋਰਡ ਨੂੰ  ਇਸ ਫ਼ੈਸਲੇ ਉਤੇ ਮੁੜ ਗ਼ੌਰ ਕਰਨ ਦੀ ਅਪੀਲ ਕੀਤੀ ਹੈ |
ਅੱਜ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਸ. ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵਲੋਂ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ  ਮਾਈਨਰ ਵਿਸ਼ਿਆਂ ਵਿਚ ਸ਼ਾਮਲ ਕਰਨ ਦੇ ਫ਼ੈਸਲੇ ਨੂੰ  ਦੇਸ਼ ਭਰ ਦੇ ਵਿਦਿਆਰਥੀਆਂ ਨੂੰ  ਉਨ੍ਹਾਂ ਨੂੰ  ਅਪਣੀ ਮਾਤ ਭਾਸ਼ਾ ਤੋਂ ਦੂਰ ਕਰਨ ਦੀ ਸਾਜ਼ਸ਼ ਕਰਾਰ ਦਿਤਾ ਹੈ | ਉਨ੍ਹਾਂ ਕਿਹਾ ਕਿ ਇਹ ਸਬੰਧਤ ਸੂਬਿਆਂ ਦੇ ਵਿਦਿਆਰਥੀਆਂ ਨਾਲ ਧੱਕਾ ਹੈ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ |
ਸਿਖਿਆ ਅਤੇ ਉਚੇਰੀ ਸਿਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਸਬੰਧਤ ਸੂਬੇ ਵਿਚ ਉਥੋਂ ਦੀ ਮਾਤ ਭਾਸ਼ਾ ਜਿਵੇਂ ਕਿ ਪੰਜਾਬ ਵਿਚ ਪੰਜਾਬੀ ਹੈ, ਨੂੰ  ਮੁੱਖ ਵਿਸ਼ੇ ਵਿਚ ਰਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰ ਸੂਬੇ ਵਿਚ ਉਥੋਂ ਦੀ ਸਥਾਨਕ ਮਾਤ ਭਾਸ਼ਾ ਮੁੱਖ ਵਿਸ਼ੇ ਵਿਚ ਸ਼ਾਮਲ ਹੋਵੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇ ਲੋੜ ਪਈ ਤਾਂ ਉਹ ਕੇਂਦਰੀ ਸਿਖਿਆ ਮੰਤਰੀ ਕੋਲ ਵੀ ਪਹੁੰਚ ਕਰ ਕੇ ਫ਼ੈਸਲਾ ਵਾਪਸ ਕਰਵਾਉਣ ਲਈ ਚਾਰਾਜੋਈ ਕਰਨਗੇ |