ਖੇਤੀ ਕਾਨੂੰਨ ਰੱਦ ਹੋਣ ਮਗਰੋਂ ਹੀ ਕਰਾਂਗਾ ਬੀਜੇਪੀ ਨਾਲ ਗਠਜੋੜ : ਕੈਪਟਨ ਅਮਰਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨ ਰੱਦ ਹੋਣ ਮਗਰੋਂ ਹੀ ਕਰਾਂਗਾ ਬੀਜੇਪੀ ਨਾਲ ਗਠਜੋੜ : ਕੈਪਟਨ ਅਮਰਿੰਦਰ ਸਿੰਘ

image

ਅੱਜ ਸੱਭ ਕੁੱਝ ਦਿੱਲੀ ਤੋਂ ਹੁੰਦੈ, ਮੁੱਖ ਮੰਤਰੀ ਨੂੰ  ਰੋਜ਼ ਦਿੱਲੀ ਸੱਦ ਕੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ, ਮੇਰੇ ਵੇਲੇ ਸਾਢੇ ਚਾਰ ਸਾਲ ਵਿਚ ਅਜਿਹਾ ਕਦੇ ਨਹੀਂ ਸੀ ਹੋਇਆ

ਚੰਡੀਗੜ੍ਹ, 20 ਅਕਤੂਬਰ (ਪ੍ਰਕਾਸ਼): ਪੰਜਾਬ ਵਿਚ ਲਗਾਤਾਰ ਸਿਆਸੀ ਉਥਲ-ਪੁਥਲ ਮਚੀ ਹੋਈ ਹੈ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਧਵਾਰ ਨੂੰ  ਵਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ | ਇਸ ਤੋਂ ਬਾਅਦ ਉਨ੍ਹਾਂ ਇਕ ਨਿਜੀ ਚੈਨਲ ਨੂੰ  ਦਿਤੀ ਇੰਟਰਵਿਊ ਵਿਚ ਕਿਹਾ ਕਿ ਮੈਂ ਕਾਂਗਰਸ ਛੱਡਣ ਤੋਂ ਬਾਅਦ ਵਖਰੀ ਪਾਰਟੀ ਬਣਾਵਾਂਗਾ ਅਤੇ ਜੇ ਲੋੜ ਪਈ ਤਾਂ ਹੋਰ ਸਿਆਸੀ ਆਗੂਆਂ ਨਾਲ ਗਠਜੋੜ ਵੀ ਕਰਾਂਗਾ | ਉਨ੍ਹਾਂ ਕਿਹਾ ਕਿ ਜੇਕਰ ਬੀਜੇਪੀ ਨਾਲ ਮਿਲ ਕੇ ਕਿਸਾਨੀ ਮਸਲੇ ਦਾ ਹੱਲ ਹੋਵੇਗਾ ਤਾਂ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਨਹੀਂ ਕਰਾਂਗਾ | ਉਨ੍ਹਾਂ ਕਿਹਾ,''ਮੈਂ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਚੁਕਾ ਹਾਂ | ਸ਼ਾਇਦ ਕਾਂਗਰਸ ਨੇ ਤੈਅ ਕੀਤਾ ਹੈ ਕਿ ਨੌਜਵਾਨਾਂ ਨੂੰ  ਅੱਗੇ ਲੈ ਕੇ ਆਉਣਾ ਹੈ ਪਰ ਮੈਂ ਘਰ ਬੈਠਣ ਵਾਲਾ ਤਾਂ ਨਹੀਂ ਹਾਂ | ਮੇਰੇ ਕੋਲ ਦੋ ਰਸਤੇ ਹਨ ਜਿਸ ਤਹਿਤ ਮੈਂ ਇਕ ਨਵੀਂ ਪਾਰਟੀ ਬਣਾਵਾਂਗਾ ਅਤੇ ਦੂਜਿਆਂ ਨੂੰ  ਨਾਲ ਜੋੜਾਂਗਾ |'' 
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ,''ਮੈਂ ਇਕ ਚੰਗੀ ਪਾਰੀ ਖੇਡੀ ਹੈ ਅਤੇ ਮੈਨੂੰ ਕੋਈ ਅਫ਼ਸੋਸ ਨਹੀਂ | ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ 15 ਸਾਲ ਵੱਡੇ ਹਨ ਅਤੇ ਅਜੇ ਵੀ ਰਾਜਨੀਤੀ ਵਿਚ ਹਨ | ਇਸ ਲਈ ਮੈਨੂੰ ਨਹੀਂ ਲਗਦਾ ਕਿ ਮੇਰੀ ਐਨੀ ਜ਼ਿਆਦਾ ਉਮਰ ਹੋ ਚੁੱਕੀ ਹੈ ਅਤੇ ਮੈਂ ਰਾਜਨੀਤੀ ਵਿਚ ਨਹੀਂ ਰਹਿ ਸਕਦਾ |''
ਗੁੱਸਾ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਬਾਰੇ ਕਿਹਾ ਕਿ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਤੁਸੀਂ ਕਿਸੇ ਨੂੰ  ਬਦਲ ਦਿੰਦੇ ਹੋ, ਅਜਿਹਾ ਨਹੀਂ ਹੁੰਦਾ | ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਦੀ ਖ਼ਬਰ ਵੀ ਨਹੀਂ ਦਿਤੀ ਗਈ ਸੀ ਅਤੇ ਜਦੋਂ ਮੀਟਿੰਗ ਬੁਲਾਈ ਗਈ, ਮੈਂ ਘਰੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਅਤੇ ਮੈਨੂੰ ਕਿਸੇ ਹੋਰ ਤੋਂ ਪਤਾ ਲਗਾ ਕਿ ਮੀਟਿੰਗ ਹੋ ਰਹੀ ਹੈ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਉਸ ਸ਼ਾਮ ਮੈਨੂੰ ਸੋਨੀਆ ਗਾਂਧੀ ਦਾ ਫ਼ੋਨ ਆਇਆ ਸੀ ਅਤੇ ਪਾਰਟੀ ਪ੍ਰਧਾਨ ਦੇ ਕਹਿਣ 'ਤੇ ਮੈਂ ਅਪਣਾ ਅਸਤੀਫ਼ਾ ਦੇ ਦਿਤਾ |

ਸਿੱਧੂ ਬਾਰੇ ਕੈਪਟਨ ਨੇ ਕਿਹਾ,''ਭਾਵੇਂ ਉਹ ਕਾਂਗਰਸ ਵਿਚ ਰਹਿਣ ਜਾਂ ਨਾ ਰਹਿਣ ਪਰ ਮੈਂ ਮੁੜ ਕਦੇ ਵੀ ਕਾਂਗਰਸ ਵਿਚ ਸ਼ਾਮਲ ਨਹੀਂ ਹੋਵਾਂਗਾ |'' ਉਨ੍ਹਾਂ ਕਿਹਾ,''ਮੈਂ ਸਿੱਧੂ ਨੂੰ  ਉਦੋਂ ਤੋਂ ਜਾਣਦਾ ਹਾਂ ਜਦੋ ਉਹ 2 ਸਾਲ ਦੇ ਸਨ | ਸਿੱਧੂ ਸਥਿਰ ਨਹੀਂ ਹੈ, ਪਾਰਟੀ ਨੂੰ  ਇਕ ਦਿਨ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਪੰਜਾਬ ਦੇ ਹਾਲਤ ਬਦਲ ਰਹੇ ਹਨ ਇਸ ਲਈ ਮੈਂ ਚੋਣਾਂ ਛੱਡ ਨਹੀਂ ਸਕਦਾ |'' ਕਾਂਗਰਸ ਆਗੂਆਂ ਵਲੋਂ ਕੈਪਟਨ 'ਤੇ ਚੁੱਕੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਮੇਰੀ ਕੇਂਦਰੀ ਮੰਤਰੀਆਂ ਨਾਲ ਨੇੜਤਾ ਇਸ ਲਈ ਰਹੀ ਹੈ ਕਿਉਂਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ | ਮੈਂ ਅਪਣੇ ਸਾਰੇ ਕੰਮ ਕੇਂਦਰ ਸਰਕਾਰ ਤੋਂ ਕਰਵਾਉਣੇ ਹੁੰਦੇ ਸਨ ਇਸ ਲਈ ਮੇਰੀ ਮੰਤਰੀਆਂ ਨਾਲ ਚੰਗੀ ਖਾਸੀ ਬਣਦੀ ਰਹੀ ਹੈ ਅਤੇ ਇਸ ਨੇੜਤਾ ਕਾਰਨ ਹੀ ਮੈਂ ਪੰਜਾਬ ਵਾਸੀਆਂ ਨੂੰ  ਕਿਸੇ ਮਸਲੇ 'ਤੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿਤਾ |
ਕੈਪਟਨ ਨੇ ਕਿਹਾ ਕੇ ਆਉਣ ਵਾਲਿਆਂ ਚੋਣਾਂ ਵਿਚ ਜੇਕਰ ਨਾਲ ਗੱਲ ਕਰਨੀ ਪਈ ਤਾਂ ਪਹਿਲੀ ਸ਼ਰਤ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਹੀ ਹੋਵੇਗੀ | ਜੇਕਰ ਕਿਸਾਨੀ ਮਸਲੇ ਦਾ ਹੱਲ ਹੋਵੇਗਾ ਤਾਂ  ਵਿਚ ਜਾਣ ਵਿਚ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਗੈਂਗਸਟਰ, ਨਸ਼ੇ ਅਤੇ ਅਤਿਵਾਦ ਸਰਗਰਮ ਹਨ | ਅਜਿਹੇ ਹਾਲਾਤ ਨੂੰ  ਦੇਖਦੇ ਹੋਏ ਮੈਂ ਚੋਣਾਂ ਨਹੀਂ ਛੱਡ ਸਕਦਾ | ਉਨ੍ਹਾਂ ਕਿਹਾ ਕਿ ਮੈਂ ਚੋਣਾਂ ਲੜਾਂਗਾ ਵੀ ਅਤੇ ਜਿੱਤਾਂਗੇ ਵੀ, ਫ਼ੌਜੀ ਰਿਹਾ ਹਾਂ, ਲੜਦਾ ਰਹਾਂਗਾ |
ਕਾਂਗਰਸੀ ਆਗੂਆਂ ਵਲੋਂ ਲਗਾਏ ਦੋਸ਼ਾਂ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਇਕ ਫ਼ੌਜੀ ਰਿਹਾ ਹਾਂ | ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਕ ਫ਼ੌਜੀ ਝੂਠ ਬੋਲੇਗਾ ਜਾਂ ਇਕ ਸਿਆਸੀ ਆਗੂ?