ਅਸਤੀਫ਼ਿਆਂ ਨੇ ਹੀ ਅਮਰਿੰਦਰ ਸਿੰਘ ਨੂੰ ਹਮੇਸ਼ਾ 'ਕਪਤਾਨ' ਬਣਾਇਐ!

ਏਜੰਸੀ

ਖ਼ਬਰਾਂ, ਪੰਜਾਬ

ਅਸਤੀਫ਼ਿਆਂ ਨੇ ਹੀ ਅਮਰਿੰਦਰ ਸਿੰਘ ਨੂੰ ਹਮੇਸ਼ਾ 'ਕਪਤਾਨ' ਬਣਾਇਐ!

image

'ਕੈਪਟਨ' ਨਾਮਕ ਪੱਤੇ ਰਾਹੀਂ ਕੀ ਭਾਜਪਾ ਨੂੰ  

ਬਠਿੰਡਾ, 20 ਅਕਤੂਬਰ (ਬਲਵਿੰਦਰ ਸ਼ਰਮਾ) : ਜਦੋਂ ਵੀ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਉਕਰਿਆ ਜਾਂਦਾ ਹੈ ਤਾਂ ਉਸ ਨਾਲ ਕੁੱਝ ਖ਼ਾਸ ਘਟਨਾਵਾਂ ਵੀ ਜੁੜ ਜਾਂਦੀਆਂ ਹਨ | ਜਿਵੇਂ ਕਿ ਅਮਰਿੰਦਰ ਸਿੰਘ ਨਾਲ 'ਅਸਤੀਫ਼ਾ' ਸ਼ਬਦ ਜੁੜ ਗਿਆ ਹੈ, ਜਿਸ ਨੇ ਅਮਰਿੰਦਰ ਸਿੰਘ ਨੂੰ  ਹਮੇਸ਼ਾ 'ਕਪਤਾਨ' ਬਣਾਇਆ ਹੈ ਤੇ ਹੁਣ ਵੀ ਉਹੀ ਉਮੀਦ ਕੀਤੀ ਜਾ ਰਹੀ ਹੈ | ਹੁਣ ਉਹ ਵਖਰੀ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕਰ ਸਕਦੇ ਹਨ, ਵੇਖਣਾ ਹੋਵੇਗਾ ਕਿ 'ਕੈਪਟਨ' ਨਾਮਕ ਪੱਤੇ ਰਾਹੀਂ ਕੀ ਭਾਜਪਾ ਨੂੰ  ਪੰਜਾਬ ਤੋਂ ਮਾਫ਼ੀ ਮਿਲ ਸਕੇਗੀ | 
ਜ਼ਿਕਰਯੋਗ ਹੈ ਕਿ ਫ਼ੌਜ 'ਚ ਸੇਵਾਵਾਂ ਨਿਭਾਉਣ ਉਪਰੰਤ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ | ਸੰਨ 1980 ਦੇ ਦਹਾਕੇ 'ਚ ਪੰਜਾਬ ਤੋਂ ਉਹ ਲੋਕ ਸਭਾ ਮੈਂਬਰ ਵੀ ਚੁਣੇ ਗਏ | ਪਾਰਟੀ 'ਚ ਚੰਗੀ ਚੜ੍ਹਤ ਸੀ ਪਰ 1984 ਦੌਰਾਨ ਕੇਂਦਰ 'ਚ ਕਾਂਗਰਸ ਸਰਕਾਰ ਹੁੰਦਿਆਂ ਆਪ੍ਰੇਸ਼ਨ ਬਲਿਊ ਸਟਾਰ ਹੋਇਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇ ਦਿਤਾ ਤੇ ਉਹ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਜਿਸ ਨਾਲ ਉਹ ਸਿੱਖਾਂ ਦੇ 'ਕਪਤਾਨ' ਬਣ ਗਏ | ਇਸ ਗੱਲ ਨੇ ਉਨ੍ਹਾਂ ਨੂੰ  ਅਕਾਲੀ ਦਲ 'ਚ ਇਕ ਵਖਰੀ ਪਛਾਣ ਦਿਤੀ | ਸੰਨ 1985 ਦੀ ਬਰਨਾਲਾ ਸਰਕਾਰ 'ਚ ਉਹ ਕੈਬਨਿਟ ਮੰਤਰੀ ਵੀ ਬਣੇ | ਕਰੀਬ 7 ਮਹੀਨਿਆਂ ਬਾਅਦ ਜਦੋਂ ਬਰਨਾਲਾ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਦਰਬਾਰ ਸਾਹਿਬ 'ਚ ਦਾਖ਼ਲ ਹੋਈ ਤਾਂ ਵਿਰੋਧ ਵਜੋਂ ਕੈਪਟਨ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿਤਾ, ਉਹ ਉਦੋਂ ਵੀ ਸਿੱਖਾਂ ਦੇ 'ਕਪਤਾਨ' ਬਣੇ | 
ਫਿਰ ਜਦੋਂ 1997 'ਚ ਅਕਾਂਲੀ ਦਲ ਨੇ ਵਿਧਾਨ ਸਭਾ ਦੀ ਟਿਕਟ ਕੱਟ ਦਿਤੀ ਤਾਂ 1998 'ਚ ਉਨ੍ਹਾਂ ਅਕਾਲੀ ਦਲ ਤੋਂ ਵੀ ਅਸਤੀਫ਼ਾ ਦੇ ਦਿਤਾ, ਜਿਨ੍ਹਾਂ ਨਾਲ ਇਕ ਵੱਡਾ ਧੜਾ ਵੀ ਆਇਆ | ਉਨ੍ਹਾਂ ਨੂੰ  ਕਾਂਗਰਸ ਨੇ ਸੂਬਾ ਪ੍ਰਧਾਨ 'ਕਪਤਾਨ' ਬਣਾ ਦਿਤਾ | 

ਉਹ 2002 'ਚ ਕਾਂਗਰਸ ਵਲੋਂ 'ਕਪਤਾਨ' ਮੁੱਖ ਮੰਤਰੀ ਪੰਜਾਬ ਬਣ ਗਏ | ਹੁਣ ਉਹ 2017 ਤੋਂ ਮੁੱਖ ਮੰਤਰੀ ਸਨ, ਪਰ ਅੰਦਰੂਨੀ ਵਿਰੋਧਤਾ ਕਾਰਨ ਹਾਈ ਕਮਾਨ ਨੇ ਉਨ੍ਹਾਂ ਨੂੰ  ਲਾਂਭੇ ਕਰਨਾ ਚਾਹਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਹੀ ਅਸਤੀਫ਼ਾ ਦੇ ਦਿਤਾ | 
ਹੁਣ ਉਨ੍ਹਾਂ ਕਾਂਗਰਸ ਛੱਡ ਕੇ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਲੋਂ ਭਾਜਪਾ ਲਈ ਦਰਵਾਜੇ ਖੁਲ੍ਹੇ ਰੱਖੇ ਹਨ | ਜਿਨ੍ਹਾਂ ਵਾਸਤੇ ਸ਼ਰਤ ਹੈ ਕਿ ਉਹ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕੀਤਾ ਜਾਵੇ, ਜਿਸ 'ਤੇ ਕਿਸਾਨ ਸਹਿਮਤ ਹੋਣ | ਮਤਲਬ ਖੇਤੀ ਕਾਨੂੰਨ ਰੱਦ ਕੀਤੇ ਜਾਣ | ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਭਾਜਪਾ ਹਾਈ ਕਮਾਨ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਸਾਹਮਣੇ ਆਉਂਦਾ ਰਿਹਾ ਹੈ |
ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲ ਕੇ ਨਾ ਸਿਰਫ਼ ਖੇਤੀ ਕਾਨੂੰਨ ਰੱਦ ਕਰਵਾਉਣਗੇ, ਬਲਕਿ ਕਿਸਾਨ ਜਥੇਬੰਦੀਆਂ ਨੂੰ  ਅਪਣੇ ਹੱਕ 'ਚ ਨਿਤਾਰ ਕੇ ਭਾਜਪਾ ਦੀ ਮਦਦ ਨਾਲ 2022 ਦੀਆਂ ਚੋਣਾਂ 'ਚ ਪੰਜਾਬ ਦੇ ਨਵੇਂ 'ਕਪਤਾਨ' ਬਨਣਗੇ | 
ਇਥੇ ਇਹ ਵੀ ਵਿਚਾਰਨਯੋਗ ਹੈ ਕਿ ਭਾਜਪਾ ਦਾ ਰਾਇਤਾ ਪੰਜਾਬ 'ਚ ਐਨੀ ਬੁਰੀ ਤਰ੍ਹਾਂ ਖਿੱਲਰ ਚੁੱਕਾ ਹੈ ਕਿ ਜੇਕਰ ਉਹ ਖੇਤੀ ਕਾਨੂੰਨ ਵਾਪਸ ਵੀ ਲੈ ਲਵੇ ਤਾਂ ਵੀ ਇਹ ਰਾਇਤਾ ਇਕੱਠਾ ਹੁੰਦਾ ਨਜ਼ਰ ਨਹੀਂ ਆ ਰਿਹਾ | ਕੀ ਇਹੀ ਕਾਰਨ ਹੈ ਕਿ ਭਾਜਪਾ ਹੁਣ 'ਕੈਪਟਨ' ਨਾਮਕ ਤੁਰਪ ਦਾ ਪੱਤਾ ਸੁੱਟ ਕੇ ਪੰਜਾਬ ਤੋਂ ਮਾਫ਼ੀ ਲੈਣਾ ਚਾਹੁੰਦੀ ਹੈ | ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਭਾਜਪਾ ਨੂੰ  ਮਾਫ਼ੀ ਮਿਲ ਸਕੇਗੀ ਜਾਂ ਨਹੀਂ |