ਦੀਵਾਲੀ ਤੋਂ ਪਹਿਲਾ ਪੰਜਾਬ ’ਚ ਵਧਿਆ ਪ੍ਰਦੂਸ਼ਣ, ਅੰਮ੍ਰਿਤਸਰ-ਤਰਨਤਾਰਨ 'ਚ ਪਰਾਲੀ ਸਾੜਨ ਦੇ 45% ਮਾਮਲੇ
ਜਲੰਧਰ-ਲੁਧਿਆਣਾ-ਪਟਿਆਲਾ 'ਚ AQI 100 ਤੋਂ ਪਾਰ
ਮੁਹਾਲੀ: ਦੀਵਾਲੀ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਕਈ ਸ਼ਹਿਰ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤੱਕ ਪਹੁੰਚ ਰਹੇ ਹਨ। ਲੁਧਿਆਣਾ ਅਤੇ ਪਟਿਆਲੇ ਵਿੱਚ ਮੌਸਮ ਹੋਰ ਵਿਗੜ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ-ਤਰਨਤਾਰਨ ਦੋ ਅਜਿਹੇ ਸ਼ਹਿਰ ਹਨ, ਜਿੱਥੇ ਪਰਾਲੀ ਸਾੜਨ ਦੇ 45% ਮਾਮਲੇ ਸਾਹਮਣੇ ਆਏ ਹਨ।
ਪ੍ਰਦੂਸ਼ਣ ਕੰਟਰੋਲ ਬਿਊਰੋ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਇਹ ਪੱਧਰ ਸਾਹ ਦੀ ਕਮੀ ਵਾਲੇ ਲੋਕਾਂ ਲਈ ਢੁਕਵਾਂ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਵਿੱਚ ਸਾਹ ਦੀਆਂ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ। ਦੂਜੇ ਪਾਸੇ ਜੇਕਰ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (AQI) ਦੀ ਗੱਲ ਕਰੀਏ ਤਾਂ ਉਹ ਵੀ ਦਿਨੋ-ਦਿਨ ਵਧ ਰਹੇ ਹਨ। ਲੁਧਿਆਣਾ, ਪਟਿਆਲਾ ਦਾ AQI 100 ਨੂੰ ਪਾਰ ਕਰ ਗਿਆ ਹੈ, ਬੁੱਧਵਾਰ ਨੂੰ ਇਹ 150 ਤੋਂ ਪਾਰ ਸੀ। ਮੌਸਮ ਵਿਗਿਆਨੀਆਂ ਮੁਤਾਬਕ ਨਵੰਬਰ-ਦਸੰਬਰ 'ਚ ਇਹ ਖ਼ਤਰਨਾਕ ਪੱਧਰ 'ਤੇ ਪਹੁੰਚ ਜਾਵੇਗਾ।
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 45% ਕੇਸ ਅੰਮ੍ਰਿਤਸਰ-ਤਰਨਤਾਰਨ ਤੋਂ ਹੀ ਆ ਰਹੇ ਹਨ। ਜਦੋਂ ਕਿ ਇਹ ਕੁਲਦੀਪ ਸਿੰਘ ਧਾਲੀਵਾਲ ਦਾ ਆਪਣਾ ਜ਼ਿਲ੍ਹਾ ਹੈ। ਮਾਹਿਰਾਂ ਅਨੁਸਾਰ ਨਵੰਬਰ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧਣਗੇ, ਕਿਉਂਕਿ ਝੋਨੇ ਦੀ ਜ਼ਿਆਦਾਤਰ ਫ਼ਸਲ ਤਿਆਰ ਹੋ ਜਾਵੇਗੀ ਅਤੇ ਕਟਾਈ ਹੋ ਜਾਵੇਗੀ।
ਇਸ ਸਾਲ ਹੁਣ ਤੱਕ ਦੇਸ਼ ਭਰ ਵਿੱਚ ਪਰਾਲੀ ਸਾੜਨ ਦੇ 3476 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 2625 ਪੰਜਾਬ ਤੋਂ ਸਾਹਮਣੇ ਆਏ ਹਨ। ਹਰਿਆਣਾ ਤੋਂ 586, ਉੱਤਰ ਪ੍ਰਦੇਸ਼ ਤੋਂ 170, ਰਾਜਸਥਾਨ ਤੋਂ 34, ਮੱਧ ਪ੍ਰਦੇਸ਼ ਤੋਂ 58 ਅਤੇ ਦਿੱਲੀ ਤੋਂ 3 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 2625 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਹੁਣ ਤੱਕ ਤਰਨਤਾਰਨ ਤੋਂ 807 ਅਤੇ ਅੰਮ੍ਰਿਤਸਰ ਤੋਂ 788 ਮਾਮਲੇ ਸਾਹਮਣੇ ਆਏ ਹਨ। ਜਦਕਿ ਗੁਰਦਾਸਪੁਰ ਤੋਂ 228, ਕਪੂਰਥਲਾ ਤੋਂ 138, ਫ਼ਿਰੋਜ਼ਪੁਰ ਤੋਂ 120, ਜਲੰਧਰ ਤੋਂ 103, ਪਟਿਆਲਾ ਤੋਂ 117, ਸੰਗਰੂਰ ਤੋਂ 73 ਅਤੇ ਲੁਧਿਆਣਾ ਤੋਂ 57 ਮਾਮਲੇ ਸਾਹਮਣੇ ਆਏ ਹਨ।