Punjab News: ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ, ਗ੍ਰਨੇਡ ਸਮੇਤ 2 ਦਹਿਸ਼ਤਗਰਦਾਂ ਨੂੰ ਕੀਤਾ ਕਾਬੂ
ਪਾਕਿਸਤਾਨ ਦੇ ISI ਦੇ ਸੰਪਰਕ ਵਿਚ ਸਨ ਮੁਲਜ਼ਮ
2 Terrorists arrested with grenade News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਖੁਫੀਆ ਕਾਰਵਾਈ ਦੌਰਾਨ ਅੰਮ੍ਰਿਤਸਰ ਤੋਂ ਦੋ ਦਹਿਸ਼ਤਗਰਦਾਂ ਮਹਿਕਦੀਪ ਸਿੰਘ ਉਰਫ਼ ਮਹਿਕ ਅਤੇ ਆਦਿਤਿਆ ਉਰਫ਼ ਆਧੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਕਾਰਵਾਈ ਦੌਰਾਨ ਇੱਕ ਰਾਕੇਟ-ਪ੍ਰੋਪੇਲਡ ਗ੍ਰਨੇਡ (ਆਰਪੀਜੀ) ਵੀ ਬਰਾਮਦ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇੱਕ ਸੰਚਾਲਕ ਦੇ ਸੰਪਰਕ ਵਿੱਚ ਸਨ, ਜਿਸ ਨੇ ਉਨ੍ਹਾਂ ਨੂੰ ਇਹ ਖ਼ਤਰਨਾਕ ਹਥਿਆਰ ਮੁਹੱਈਆ ਕਰਵਾਇਆ ਸੀ।
ਇਸ ਤੋਂ ਇਲਾਵਾ, ਉਹ ਫਿਰੋਜ਼ਪੁਰ ਜੇਲ ਵਿੱਚ ਬੰਦ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦੇ ਸੰਪਰਕ ਵਿਚ ਵੀ ਸਨ। ਸੂਤਰਾਂ ਅਨੁਸਾਰ, ਇਸ ਆਰਪੀਜੀ ਦੀ ਵਰਤੋਂ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਵਿੱਚ ਕੀਤੀ ਜਾਣੀ ਸੀ। ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਘਰਿੰਡਾ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।