ਪੁੱਤ ਦੀ ਮੌਤ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦਾ ਬਿਆਨ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਚੰਦ ਕੁ ਦਿਨਾਂ ਅੰਦਰ ਦੁੱਧ ਦਾ ਦੁੱਧ-ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇਗਾ

Former DGP Mohammad Mustafa's statement came to light after FIR was registered in the case of son's death

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇੇ ਸਾਬਕਾ ਡੀ.ਜੀ.ਪੀ. ਮੁਹੰੰਮਦ ਮੁਸਤਫਾ ਦੇ ਇਕਲੌਤੇ ਬੇਟੇ ਆਕਿਲ ਅਖਤਰ ਦੀ ਵੀਰਵਾਰ ਨੂੰ ਹੋਈ ਅਚਾਨਕ ਦਿਹਾਂਤ ਪਿੱਛੋਂ ਇਕ ਗੰਦੀ ਸੋਚ ਅਤੇ ਘਟੀਆ ਸਿਆਸਤ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਪੰਚਕੂਲਾ ਪੁਲਿਸ ਵੱਲੋਂ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਾਨੂੰਨ ਅਨੁਸਾਰ ਜੇਕਰ ਪੁਲਿਸ ਨੂੰ ਕਿਸੇ ਮਾਮਲੇ ’ਚ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੀ ਡਿਊਟੀ ਬਣ ਜਾਂਦੀ ਹੈ ਕਿ ਉਸ ਸ਼ਿਕਾਇਤ ਉਪਰ ਐਫ.ਆਈ.ਆਰ. ਦਰਜ ਕੀਤੀ ਜਾਵੇ। ਪੰਚਕੂਲਾ ਪੁਲਿਸ ਵੱਲੋਂ ਵੀ ਆਪਣੀ ਇਸੇ ਡਿਊਟੀ ਦੀ ਪਾਲਣਾ ਕੀਤੀ ਗਈ ਹੈ ਅਤੇ ਮੈ ਇਸ ਦਾ ਸਵਾਗਤ ਕਰਦਾ ਹਾਂ।

ਮੁਹੰਮਦ ਮੁਸ਼ਤਫਾ ਨੇ ਅੱਗੇ ਕਿਹ ਕਿ ਐਫ.ਆਈ.ਆਰ. ਦਰਜ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਹੈ। ਹੁਣ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਚੰਦ ਕੁ ਦਿਨਾਂ ਅੰਦਰ ਦੁੱਧ ਦਾ ਦੁੱਧ-ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇਗਾ।
ਉਨ੍ਹਾਂ ਮਲੇਰਕੋਟਲਾ ਵਾਸੀਆਂ ਅਤੇ ਪੰਜਾਬ ਵਸਦੇ ਆਪਣੇ ਸਨੇਹੀਆਂ ਨੂੰ ਅਪੀਲ ਕੀਤੀ ਕਿ ਐਫ.ਆਈ.ਆਰ. ਦਰਜ ਹੋਣ ਦਾ ਉਨ੍ਹਾਂ ਨੂੰ ਰੱਤੀ ਭਰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ। ਇਹ ਠੀਕ ਹੈ ਕਿ ਸਾਡੇ ਉਪਰ ਨੌਜਵਾਨ ਬੇਟੇ ਦੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਆਪਾਂ ਗੰਦੀ ਸਿਆਸਤ ਅਤੇ ਘਟੀਆ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਕਾਨੂੰਨ ਦਾ ਸਿਕੰਜਾ ਕਿਸ ਪਾਸੇ ਜਾਵੇਗਾ, ਇਹ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ। ਮੁਹੰਮਦ ਮੁਸਤਫਾ ਨੇ ਕਿਹਾ ਕਿ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾ ਕੇ ਐਫ.ਆਈ.ਆਰ. ਦਰਜ ਕਰਵਾਉਣ ਵਾਲੇ ਲੋਕ ਵੀ ਕਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਉਨ੍ਹਾਂ ਮਲੇਰਕੋਟਲਾ ਹਾਊਸ ਦੇ ਸਨੇਹੀਆਂ ਨੂੰ ਚੜ੍ਹਦੀ ਕਲਾ ’ਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮਰਹੂਮ ਆਕਿਲ ਅਖਤਰ ਦੀ ਮਗਫਿਰਤ ਲਈ ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਸ਼ਾਮੀਂ 4 ਵਜੇ  ‘ਇੱਜਤਮਾਈ ਦੁਆ’ ਰੱਖੀ ਗਈ ਹੈ। ਗੁਜਾਰਿਸ਼ ਹੈ ਕਿ ਮਰਹੂਮ ਲਈ ‘ਇੱਜਤਮਾਈ ਦੁਆ’ ਵਿਚ ਸ਼ਾਮਿਲ ਹੋਇਆ ਜਾਵੇ ।