ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਖਿਲਾਫ਼ ਹੱਤਿਆ ਦਾ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਐਫ.ਆਈ.ਆਰ. 'ਚ ਪਤਨੀ, ਬੇਟੀ ਅਤੇ ਨੂੰਹ ਦਾ ਨਾਂ ਵੀ ਸ਼ਾਮਲ

Former Punjab DGP Mohammad Mustafa booked for murder

ਪੰਚਕੂਲਾ : ਹਰਿਆਣਾ ਦੇ ਪੰਚਕੂਲਾ ’ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਖਿਲਾਫ ਬੇਟੇ ਅਕੀਲ ਅਖਤਰ ਦੀ ਹੱਤਿਆ ਕਰਨ ਅਤੇ ਸਾਜਿਸ਼ ਰਚਣ ਦਾ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ, ਬੇਟੀ ਅਤੇ ਨੂੰਹ ਦੇ ਖਿਲਾਫ਼ ਵੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਮਾਮਲਾ ਦਰਜ ਹੋਇਆ ਹੈ।
ਪੰਜਾਬ ਦੇ ਸਾਬਕਾ ਮੰਤਰੀ ਰਜੀਆ ਸੁਲਤਾਨਾ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਬੇਟੇ ਅਕੀਲ ਦੀ ਮੌਤ ਦੇ ਮਾਮਲੇ ’ਚ ਗੁਆਂਢੀ ਸ਼ਮਸ਼ੁਦੀਨ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਅਕੀਲ ਦੀ ਪਤਨੀ ਅਤੇ ਪਿਤਾ ਦਰਮਿਆਨ ਨਾਜਾਇਜ਼ ਸਬੰਧ ਸਨ, ਜਿਸ ’ਚ ਰਜੀਆ ਸੁਲਤਾਨਾ ਵੀ ਸ਼ਾਮਲ ਸੀ।

ਸ਼ਮਸ਼ੂਦੀਨ ਨੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਸੌਂਪੀ ਸੀ, ਜਿਸ ਨੂੰ ਆਧਾਰ ਬਣਾ ਕੇ ਪੰਚਕੂਲਾ  ਐਮ.ਡੀ.ਸੀ. ਥਾਣਾ ਪੁਲਿਸ ਨੇ ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜੀਆ ਸੁਲਤਾਨਾ, ਨੂੰਹ ਅਤੇ ਬੇਟੀ ਦੇ ਖਿਲਾਫ਼ ਧਾਰਾ 103 (1), 61 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅਕੀਲ ਦੀ 16 ਅਕਤੂਬਰ ਦੀ ਦੇਰ ਰਾਤ ਪੰਚਕੂਲਾ ’ਚ ਮੌਤ ਹੋ ਗਈ ਸੀ। ਪਰਿਵਾਰ ਨੇ ਦੱਸਿਆ ਸੀ ਕਿ ਦਵਾਈਆਂ ਦੀ ਓਵਰਡੋਜ਼ ਦੇ ਕਾਰਨ ਉਸ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਅਕੀਲ ਦਾ 27 ਅਗਸਤ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ ’ਚ ਉਹ ਕਹਿ ਰਿਹਾ ਹੈ ਕਿ ਪਰਿਵਾਰ ਦੇ ਲੋਕ ਉਸ ਨੂੰ ਮਾਰਨ ਦੇ ਲਈ ਸਾਜ਼ਿਸ਼ਾਂ ਰਚ ਰਹੇ ਹਨ।