ਡੀ.ਆਈ.ਜੀ. ਭੁੱਲਰ ਨਾਲ ਫੜਿਆ ਗਿਆ ਕ੍ਰਿਸ਼ਨੂ ਰਹਿ ਚੁੱਕਿਆ ਹੈ ਨੈਸ਼ਨਲ ਹਾਕੀ ਖਿਡਾਰੀ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਵੀ ਕਰ ਚੁੱਕਿਆ ਹੈ ਕੰਮ
ਚੰਡੀਗੜ੍ਹ : ਰਿਸ਼ਵਤ ਕੇਸ ’ਚ ਪੰਜਾਬ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਨਾਲ ਉਨ੍ਹਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਸੀ.ਬੀ.ਆਈ. ਨੇ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਹੈ। ਕ੍ਰਿਸ਼ਨੂ ਹਾਕੀ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਰਿਹਾ ਹੈ ਅਤੇ ਉਸ ਨੇ ਪਿਛਲੇ ਲਗਭਗ 3 ਸਾਲ ਪਹਿਲਾਂ ਹਾਕੀ ਛੱਡ ਕੇ ਪੁਲਿਸ ਅਫ਼ਸਰਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਕੰਮ ਕਿਹੋ ਜਿਹਾ ਵੀ ਹੋਵੇ, ਉਸਦੇ ਖੱਬੇ ਹੱਥ ਦੀ ਖੇਡ ਸੀ।
ਚਾਹੇ ਐਫ.ਆਈ.ਆਰ. ’ਚ ਨਾਮ ਪਵਾਉਣਾ ਹੋਵੇ ਜਾਂ ਕਢਵਾਉਣਾ ਹੋਵੇ ਜਾਂ ਜਾਂਚ ਨੂੰ ਪ੍ਰਭਾਵਿਤ ਕਰਨਾ ਹੋਵੇ, ਉਹ ਹਰ ਤਰ੍ਹਾਂ ਦੀ ਸੈਟਿੰਗ ਕਰਵਾ ਪਾਉਣ ਦਾ ਦਾਅਵਾ ਕਰਦਾ ਸੀ। ਉਸ ਦੇ ਸ਼ੋਸ਼ਲ ਮੀਡੀਆ ਅਕਾਊਂਟਸ ’ਤੇ ਕਈ ਵੱਡੇ ਅਫ਼ਸਰਾਂ ਦੇ ਨਾਲ-ਨਾਲ ਵੱਡੇ ਆਗੂਆਂ ਦੇ ਫੋਟੋ ਵੀ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਕ੍ਰਿਸ਼ਨੂ ਕੰਮ ਕਰ ਚੁੱਕਿਆ ਹੈ। ਉਨ੍ਹਾਂ ਦੇ ਨਾਲ ਕ੍ਰਿਸ਼ਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਫ਼ੋਟੋ ਵੀ ਸ਼ੇਅਰ ਕੀਤੇ ਹਨ।
ਜ਼ਿਕਰਯੋਗ ਹੈ ਕਿ 16 ਅਕੂਬਰ ਨੂੰ ਉਸ ਨੂੰ ਸਕਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀ.ਬੀ.ਆਈ. ਉਸ ਨੂੰ ਕਦੇ ਵੀ ਦੁਬਾਰਾ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਸਕਦੀ ਹੈ। ਉਸ ਤੋਂ ਹੋਣ ਵਾਲੀ ਪੁੱਛਗਿੱਛ ਤੋਂ ਬਾਅਦ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।