ਕੈਪਟਨ ਵਲੋਂ ਵਾਤਾਵਰਣ ਮਹਿਕਮੇ 'ਚੋਂ ਓਪੀ ਸੋਨੀ ਦੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ  ਓਮ ਪ੍ਰਕਾਸ਼ ਸੋਨੀ ਤੋਂ ਅਚਾਨਕ ਵਾਤਾਵਰਣ ਮਹਿਕਮਾ ਅਪਣੇ ਹੱਥਾਂ ਵਿਚ ਲੈ ਲਿਆ ਹੈ...

Captain Amrinder Singh

ਚੰਡੀਗੜ੍ਹ (ਸ.ਸ.ਸ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ  ਓਮ ਪ੍ਰਕਾਸ਼ ਸੋਨੀ ਤੋਂ ਅਚਾਨਕ ਵਾਤਾਵਰਣ ਮਹਿਕਮਾ ਅਪਣੇ ਹੱਥਾਂ ਵਿਚ ਲੈ ਲਿਆ ਹੈ। ਉਸ ਦੀ ਥਾਂ ਸੋਨੀ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਸੌਂਪ ਦਿਤਾ ਗਿਆ ਹੈ, ਜਦਕਿ ਸਿੱਖਿਆ ਵਿਭਾਗ ਪਹਿਲਾਂ ਵਾਂਗ ਹੀ ਓਪੀ ਸੋਨੀ ਕੋਲ ਰਹੇਗਾ। ਮੁੱਖ ਮੰਤਰੀ ਵਲੋਂ ਇਸ ਤਰ੍ਹਾਂ ਅਚਾਨਕ ਓਪੀ ਸੋਨੀ ਦੀ ਵਾਤਾਵਰਣ ਵਿਭਾਗ 'ਚੋਂ ਛੁੱਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖ਼ਰ ਕਿਉਂ ਸੋਨੀ ਤੋਂ ਇਹ ਵਿਭਾਗ ਖੋਹਿਆ ਗਿਆ ਹੈ?? ਸਿਆਸੀ ਗਲਿਆਰਿਆਂ ਵਿਚ ਚਰਚਾ ਹੈ 

ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੱਝ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹਨ, ਜੋ ਸਰਕਾਰ ਲਈ ਮੁਸੀਬਤਾਂ ਸਹੇੜ ਰਹੇ ਹਨ ਅਤੇ ਇਨ੍ਹਾਂ ਵਿਚ ਓਪੀ ਸੋਨੀ ਦਾ ਨਾਮ ਵੀ ਪ੍ਰਮੁੱਖ ਦਸਿਆ ਜਾ ਰਿਹਾ ਹੈ। ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਮਹਿਜ਼ ਛੇ ਮਹੀਨੇ ਬਾਅਦ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਖ਼ਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਵੇ। ਭਾਵੇਂ ਕਿ ਕਾਫ਼ੀ ਸਮੇਂ ਤੋਂ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਕੀਤੇ ਜਾਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਓਪੀ ਸੋਨੀ ਤੋਂ ਵਾਤਾਵਰਣ ਮਹਿਕਮਾ ਅਪਣੇ ਕੋਲ ਲੈ ਲਿਆ।

ਦਰਅਸਲ ਵਾਤਾਵਰਣ ਮਹਿਕਮੇ ਅਧੀਨ ਆਉਂਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਚ ਪ੍ਰਦੂਸ਼ਣ ਸਰਟੀਫਿਕੇਟ ਲੈਣ ਲਈ ਸਨਅਤਕਾਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਹਨ। ਜੋ ਕਥਿਤ ਤੌਰ 'ਤੇ ਨਜ਼ਰਾਨਾ ਲੈਣ ਲਈ ਜਾਣਬੁੱਝ ਕੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਖ਼ਬਰ ਮਿਲੀ ਹੈ ਕਿ ਬੀਤੇ ਦਿਨ ਡੇਰਾਬਸੀ ਦੇ ਕੁਝ ਸਨਅਤਕਾਰਾਂ ਨੇ ਮੁੱਖ ਮੰਤਰੀ ਕੋਲ ਅਪਣੇ ਦੁਖੜੇ ਰੋਏ ਸਨ। ਜਿਸ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਵਾਤਾਵਰਣ ਵਿਭਾਗ ਅਪਣੇ ਕੋਲ ਰੱਖਣ ਦਾ ਫ਼ੈਸਲਾ ਕੀਤਾ ਹੈ।

ਮੰਨਿਆ ਜਾ ਰਿਹੈ ਕਿ ਓਪੀ ਸੋਨੀ ਦਾ ਮਾਮਲਾ ਕੁਝ ਜ਼ਿਆਦਾ ਹੀ ਗੰਭੀਰ ਹੋ ਗਿਆ ਸੀ। ਵਾਤਾਵਰਨ ਵਿਭਾਗ ਸਬੰਧੀ ਕਾਫ਼ੀ ਸ਼ਿਕਾਇਤਾਂ ਮੁੱਖ ਮੰਤਰੀ ਕੋਲ ਪਹੁੰਚ ਰਹੀਆਂ ਸੀ। ਇਸ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ। ਜਦਕਿ ਸਰਕਾਰ ਦਾ ਕਹਿਣਾ ਕਿ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਵਾਂ ਦੇਣ ਲਈ ਮੁੱਖ ਮੰਤਰੀ ਨੇ ਵਾਤਾਵਰਣ ਵਿਭਾਗ ਅਪਣੇ ਕੋਲ ਲਿਆ ਹੈ। ਇਸ ਪਿਛੇ ਅਸਲੀ ਕਾਰਨ ਕੀ ਹਨ ਫਿਲਹਾਲ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਓਪੀ ਸੋਨੀ ਕੋਲ ਬਾਕੀ ਰਹੇ ਸਿੱਖਿਆ ਮਹਿਕਮੇ ਦਾ ਵੀ ਇਸ ਸਮੇਂ ਬੁਰਾ ਹਾਲ ਹੀ ਹੈ। ਅਧਿਆਪਕਾਂ ਦੀ ਹੜਤਾਲ ਤੇ ਸੈਸ਼ਨ ਦੇ ਅੰਤ ਵਿਚ ਧੜਾਧੜ ਬਦਲੀਆਂ ਕਰਕੇ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਠੱਪ ਪਿਆ ਹੈ।