ਕਾਲੇਪਾਣੀ ਦੀਆਂ ਗਾਥਾਵਾਂ 'ਚ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਯੋਗ ਸਥਾਨ ਦਿੱਤਾ ਜਾਵੇ: ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜੇਲ ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪੋਰਟ ਬਲੇਅਰ (ਅੰਡੇਮਾਨ) ਸਥਿਤ ਸੈਲੂਲਰ ਜੇਲ ਦੇ ਅਜਾਇਬ ਘਰ ਵਿੱਚ ਕਾਲੇਪਾਣੀ...

Sukhjinder Singh Randhawa

ਚੰਡੀਗੜ (ਸ.ਸ.ਸ) : ਪੰਜਾਬ ਦੇ ਜੇਲ ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪੋਰਟ ਬਲੇਅਰ (ਅੰਡੇਮਾਨ) ਸਥਿਤ ਸੈਲੂਲਰ ਜੇਲ ਦੇ ਅਜਾਇਬ ਘਰ ਵਿੱਚ ਕਾਲੇਪਾਣੀ ਦੀਆਂ ਦਿਖਾਈਆਂ ਜਾਂਦੀਆਂ ਗਾਥਾਵਾਂ ਵਿੱਚ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਸਨਮਾਨਯੋਗ ਸਥਾਨ ਦੇਣ ਦੀ ਮੰਗ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਸ. ਰੰਧਾਵਾ ਨੇ ਇਸ ਗੱਲ ਉਤੇ ਅਫਸੋਸ ਅਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਕਿ ਸੈਲੂਲਰ ਜੇਲ ਦੇ ਅਜਾਇਬ ਘਰ ਵਿੱਚ ਹਰ ਸ਼ਾਮ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਦਿਖਾਏ ਜਾਂਦੇ ਆਜ਼ਾਦੀ ਦੇ ਸੰਗਰਾਮ ਨੂੰ ਦਰਸਾਉਂਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਪੰਜਾਬ ਦੇ ਜੇਲ ਮੰਤਰੀ ਨੇ ਹਿੰਦੂਤਵ ਵਿਚਾਰਧਾਰਾ ਦੇ ਹਾਮੀ ਵੀ.ਡੀ ਸਾਵਰਕਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਮੁੱਦਾ ਸਿਰਫ ਪੰਜਾਬ ਜਾਂ ਪੰਜਾਬੀਆਂ ਦੇ ਯੋਗਦਾਨ ਨਾਲ ਸਬੰਧਤ ਨਹੀਂ ਸਗੋਂ ਸਮੁੱਚੇ ਭਾਰਤ ਨਾਲ ਸਬੰਧਤ ਹੈ। ਅਜਿਹੇ ਤੋੜੇ-ਮਰੋੜੇ ਇਤਿਹਾਸ ਵਿੱਚ ਹਰ ਹੀਲੇ ਸੋਧ ਕਰਨ ਦੀ ਲੋੜ ਹੈ।

ਉਨਾਂ ਕਿਹਾ ਕਿ ਬਰਤਾਨਵੀ ਸਾਮਰਾਜ ਤੋਂ ਕਿਸੇ ਵੀ ਕਿਸਮ ਦੀ ਮਾਫੀ ਜਾਂ ਰਿਆਇਤ ਲੈਣ ਦੀ ਥਾਂ ਤਸੀਹੇ ਕਬੂਲਣ ਵਾਲੇ ਯੋਧਿਆਂ ਦੇ ਨਿਸਬਤ ਅੰਗਰੇਜ਼ਾਂ ਤੋਂ ਲਿਖਤੀ ਮੁਆਫੀ ਮੰਗਣ ਵਾਲਿਆਂ ਅਤੇ ਬਰਤਾਨਵੀ ਤਖਤ ਪ੍ਰਤੀ ਵਫਾਦਾਰਾਂ ਦੀਆਂ ਸਹੁੰ ਚੁੱਕਣ ਵਾਲਿਆਂ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਇਹ ਰਿਕਾਰਡ ਦਾ ਹਿੱਸਾ ਹੈ। ਸ. ਰੰਧਾਵਾ ਨੇ ਇਹ ਮੰਗ ਕੀਤੀ ਹੈ ਕਿ ਅੰਡੇਮਾਨ ਜੇਲ (ਕਾਲੇਪਾਣੀ) ਵਿੱਚ ਨਜ਼ਰਬੰਦ ਪੰਜਾਬੀਆਂ ਦੇ ਨਾਮ ਤਸਵੀਰਾਂ ਸਮੇਤ ਦਰਸਾਏ ਜਾਣ। ਆਜ਼ਾਦੀ ਦੇ ਸੰਘਰਸ਼ ਵਿੱਚ ਕਾਲਾਪਾਣੀ ਨਾਲ ਸਬੰਧਤ ਪੰਜਾਬੀਆਂ ਦੇ ਵੱਡਮੁੱਲੇ ਯੋਗਦਾਨ ਨੂੰ ਉਜਾਗਰ ਕਰਦੇ ਇਤਿਹਾਸ ਨੂੰ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਦਰਸਾਉਂਦੇ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਪੜਚੋਲਣ ਦੀ ਲੋੜ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਅਸਲ ਇਤਿਹਾਸ ਤੋਂ ਜਾਣੂੰ ਹੋ ਸਕੇ।

ਉਨਾਂ ਕਿਹਾ ਕਿ ਅੰਡੇਮਾਨ ਦੀ ਸੈਲੂਲਰ ਜੇਲ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਸਭ ਤੋਂ ਵੱਡੀ ਗਵਾਹ ਹੈ ਅਤੇ ਇਹ ਜੇਲ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਵੀ ਦਰਸਾਉਂਦੀ ਹੈ। ਜੇਲ ਵਿੱਚ ਪੰਜਾਬੀਆਂ ਦੇ ਪਾਏ ਲਾਸਾਨੀ ਯੋਗਦਾਨ ਨੂੰ ਸਨਮਾਨ ਦੇਣ ਨਾਲ ਕੁਝ ਗ਼ਲਤ ਨਹੀਂ ਹੋਵੇਗਾ। ਇਹ ਬੜਾ ਮੰਦਭਾਗਾ ਹੈ ਕਿ '70ਵਿਆਂ 'ਚ ਲਾਈਟ ਐਂਡ ਸਾਊਂਡ ਦੇ ਇਸ ਪ੍ਰੋਗਰਾਮ ਰਾਹੀਂ ਇਤਿਹਾਸ ਨੂੰ ਦਿਖਾਉਣ ਲਈ ਜੇਲ ਨੂੰ ਅਜਾਇਬ ਘਰ ਵਿੱਚ ਤਬਦੀਲ ਕੀਤਾ ਗਿਆ ਸੀ ਜਿੱਥੇ ਅੱਜ ਤੱਕ ਸਹੀ ਇਤਿਹਾਸ ਉਜਾਗਰ ਨਹੀਂ ਕੀਤਾ ਗਿਆ।

ਉਨਾਂ ਕਿਹਾ ਕਿ ਜਦੋਂ ਜਾਪਾਨ ਇਸ ਟਾਪੂ 'ਤੇ ਕਾਬਜ਼ ਸੀ ਉਦੋਂ ਬਹੁਤ ਸਾਰੇ ਪੰਜਾਬੀਆਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਅਤੇ ਜਿਨਾਂ ਵਿੱਚ ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਨਾਂ ਮੁੱਖ ਹੈ। ਸ. ਰੰਧਾਵਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਾਂਤੀਕਾਰੀਆਂ ਨੂੰ ਪੰਜਾਬ ਤੋਂ ਅੰਡੇਮਾਨ ਭੇਜਣ ਦਾ ਸਿਲਸਿਲਾ ਕੂਕਾ ਲਹਿਰ ਤੋਂ ਲੈ ਕੇ ਅਮਰੀਕਾ ਵਿੱਚ ਉਪਜੀ ਗ਼ਦਰ ਪਾਰਟੀ ਦੇ ਸਿਰਲੱਥ ਕ੍ਰਾਂਤੀਕਾਰੀਆਂ ਦੀ ਇਸ ਜੇਲ ਵਿੱਚ ਨਜ਼ਰਬੰਦੀ ਤੱਕ ਜਾ ਅੱਪੜਦਾ ਹੈ। ਇਨਾਂ ਵਿੱਚੋਂ ਬਹੁਤ ਸਾਰੇ ਮੁੜ ਭਾਰਤ ਪਰਤੇ ਕਈ ਫਾਂਸੀ ਚੜਾ ਦਿੱਤੇ ਗਏ ਤੇ ਕਈ ਸਾਰੀ ਉਮਰ ਲਈ ਸੈਲੂਲਰ ਜੇਲ ਵਿੱਚ ਸੁੱਟ ਦਿੱਤੇ ਗਏ।

ਅੰਡੇਮਾਨ ਦੇ ਇਤਿਹਾਸ ਵਿੱਚ ਪੰਜਾਬੀਆਂ ਦੀ ਸੂਚੀ ਬਹੁਤ ਲੰਮੀ ਹੈ। ਜੇਲ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁੱਦਾ ਕਿਸੇ ਗਿਣਤੀ ਦਾ ਮੁਥਾਜ ਨਹੀਂ ਬਲਕਿ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਵੱਲੋਂ ਝੱਲੇ ਅਣਮਨੁੱਖੀ ਵਤੀਰਿਆਂ ਨਾਲ ਜੁੜਿਆ ਹੈ ਜੋ ਕਿ ਸੋਚ ਤੋਂ ਪਰੇ ਦੀ ਗੱਲ ਹੈ। ਇਨਾਂ ਮਹਾਨ ਯੋਧਿਆਂ ਨੇ ਕੁਰੱਖ਼ਤ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਦਾ ਸੰਘਰਸ਼ ਉਦੋਂ ਵੀ ਜਾਰੀ ਰੱਖਿਆ ਜਦੋਂ ਉਹ ਬੇੜੀਆਂ ਵਿੱਚ ਜਕੜੇ ਇਸ ਜੇਲ ਵਿੱਚ ਕੈਦ ਸਨ। ਮਾਸਟਰ ਚਰਨ ਸਿੰਘ ਨੂੰ ਚਾਰ ਸਾਲ ਤੱਕ ਇੱਕ ਪਿੰਜਰੇ ਵਿੱਚ ਰੱਖਿਆ ਗਿਆ ਅਤੇ ਇਹ ਦਰਸਾਉਂਦਾ ਹੈ।

ਕਿ ਅੰਗਰੇਜ਼ ਸਰਕਾਰ ਦੇ ਵਿਰੁੱਧ ਜਾਣ ਵਾਲੇ ਕੈਦੀਆਂ ਨਾਲ ਜੇਲ ਵਿੱਚ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਸੀ। ਉਨਾਂ ਕੋਲੋਂ ਜੇਲ ਦੀ ਕਾਲ ਕੋਠਲੀ ਵਿੱਚ ਸਿੱਧੇ ਹੋ ਕੇ ਖੜਿਆ ਨਹੀਂ ਜਾ ਸਕਦਾ ਸੀ। ਸ. ਰੰਧਾਵਾ ਨੇ ਸੈਲੂਲਰ ਜੇਲ ਵਿੱਚ ਦਿਖਾਈ ਜਾਂਦੀ ਗਾਥਾ ਵਿੱਚ ਪੰਜਾਬੀਆਂ ਦੇ ਸੰਘਰਸ਼ ਤੇ ਯੋਗਦਾਨ ਨੂੰ ਅੱਖੋਂ ਪਰੋਖੇ ਕਰਨ ਅਤੇ ਬਣਦਾ ਸਨਮਾਨ ਨਾ ਮਿਲਣ 'ਤੇ ਪਛਤਾਵਾ ਕਰਦਿਆਂ ਨੂੰ ਇਸ ਨੂੰ ਸੋਧ ਕਰਨ ਦੀ ਮੰਗ ਕੀਤੀ। ਅੰਡੇਮਾਨ ਜੇਲ 'ਚ ਭੇਜੇ ਗਏ ਪੰਜਾਬੀ ਕ੍ਰਾਂਤੀਕਾਰੀਆਂ ਦੇ ਵਿਸਥਾਰਤ ਰਿਕਾਰਡ ਦੀ ਅਣਹੋਂਦ 'ਤੇ ਹੈਰਾਨੀ ਪ੍ਰਗਟ ਕਰਦਿਆਂ ਉਨਾਂ ਕਿਹਾ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਦਾ ਦਖਲ ਦੇਣਾ ਬਣਦਾ ਹੈ ਤਾਂ ਜੋ ਦੇਸ਼ ਦੇ ਇਤਿਹਾਸ ਦੀ ਧਰੋਹਰ ਨੂੰ ਸਹੀ ਅਰਥਾਂ ਵਿੱਚ ਸੰਭਾਲਿਆ ਜਾ ਸਕੇ।