ਕਰਤਾਰਪੁਰ ਸਾਹਿਬ ਜਾਣ ਲਈ SGPC ਨੇ ਖੋਲ੍ਹਿਆ ਪਹਿਲਾ ਰਜਿਸ਼ਟ੍ਰੇਸ਼ਨ ਕਾਊਂਟਰ

ਏਜੰਸੀ

ਖ਼ਬਰਾਂ, ਪੰਜਾਬ

ਸਿਰਫ਼ ਪਹਿਚਾਣ ਪੱਤਰ ਵਜੋਂ ਹੀ ਪਾਸਪੋਰਟ ਦਿਖਾਇਆ ਜਾਣਾ ਲਾਜ਼ਮੀ ਹੈ

SGPC Opened A Registration Counter In Barnala For Kartarpur Sahib

ਬਰਨਾਲਾ: ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ ਸ਼ਰਧਾਲੂਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾ ਯਾਤਰਾ ਕਾਊਂਟਰ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਚ ਖੋਲ੍ਹਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ 10 ਦਸੰਬਰ ਨੂੰ ਸੰਗਤ ਦਾ ਪਹਿਲਾ ਜੱਥਾ ਬਰਨਾਲਾ ਤੋਂ ਲੈ ਕੇ ਜਾਣ ਲਈ ਇਹ ਕਾਊਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਤੋਂ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਹ ਯਾਤਰਾ ਕਾਊਂਟਰ ਕਰਤਾਰਪੁਰ ਸਾਹਿਬ ਜਾਣ ਲਈ ਯਾਤਰੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਜਿਸਟ੍ਰੇਸ਼ਨ ਕਾਊਂਟਰ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਸਪੋਰਟ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੋਹਰ ਨਹੀਂ ਲੱਗੇਗੀ।

ਸਿਰਫ਼ ਪਹਿਚਾਣ ਪੱਤਰ ਵਜੋਂ ਹੀ ਪਾਸਪੋਰਟ ਦਿਖਾਇਆ ਜਾਣਾ ਲਾਜ਼ਮੀ ਹੈ। ਰਜਿਸਟ੍ਰੇਸ਼ਨ ਕਾਊਂਟਰ 'ਤੇ ਕੰਮ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੀਤ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਰਜਿਸਟ੍ਰੇਸ਼ਨ ਦੇ ਲਈ ਜ਼ਰੂਰੀ ਕਾਗਜ਼ਾਤ ਵਿੱਚ ਪਾਸਪੋਰਟ ਫੋਟੋ ਤੇ ਆਧਾਰ ਕਾਰਡ ਜ਼ਰੂਰੀ ਹੈ। ਬਰਨਾਲਾ ਤੋਂ ਜਾਣ ਵਾਲੇ ਜਥੇ ਦੀ ਰਜਿਸਟਰੇਸ਼ਨ ਦੀ ਆਖ਼ਰੀ ਤਰੀਕ 28 ਨਵੰਬਰ ਹੈ ਤੇ ਇਹ ਜਥਾ 10 ਦਸੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਵੇਗਾ।

ਕਰਤਾਰਪੁਰ ਸਾਹਿਬ ਦੀ ਰਜਿਸਟਰੇਸ਼ਨ ਕਰਵਾਉਣ ਲਈ ਸੰਗਤ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਜ਼ਿਆਦਾਤਰ ਸ਼ਰਧਾਲੂਆਂ ਨੂੰ ਡੇਰਾ ਬਾਬਾ ਨਾਨਕ ਤੋਂ ਕਾਗਜ਼ਾਤ ਪੂਰੇ ਨਾ ਹੋਣ ਕਾਰਨ ਵਾਪਸ ਭੇਜ ਦਿੱਤਾ ਜਾਂਦਾ ਸੀ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹਿਆ ਗਿਆ ਇਹ ਯਾਤਰਾ ਕਾਊਂਟਰ ਸੰਗਤ ਲਈ ਵਰਦਾਨ ਸਾਬਤ ਹੋਵੇਗਾ, ਕਿਉਂਕਿ ਇਸ ਕਾਊਂਟਰ ਤੇ ਪਹੁੰਚ ਕੇ ਤੁਰੰਤ ਰਜਿਸਟਰੇਸ਼ਨ ਹੋ ਜਾਂਦੀ ਹੈ ਤੇ ਪੁਲਿਸ ਵੈਰੀਫਿਕੇਸ਼ਨ ਵੀ ਨਾਲੋਂ ਨਾਲ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਯਾਤਰਾ ਕਾਊਂਟਰ ਦੇ ਲੋਕ ਪਹੁੰਚ ਕੇ ਰਜਿਸਟਰੇਸ਼ਨ ਕਰਵਾਉਣ।