ਦਿਆ ਸਿੰਘ ਲਾਹੌਰੀਆ ਨੂੰ ਸਾਲ ਵਿਚ ਦੂਸਰੀ ਵਾਰ ਮਿਲੀ ਪੈਰੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਕੀਤਾ ਸਨਮਾਨਤ

image
ਸੰਦੌੜ, 21 ਨਵੰਬਰ (ਕੁਲਵੰਤ ਸੰਦੌੜਵੀ): ਸਿੱਖ ਸੰਘਰਸ਼ ਦੌਰਾਨ ਪਿਛਲੇ 25 ਸਾਲ ਤੋਂ ਭਾਰਤੀ ਜੇਲਾਂ ਦੀਆਂ ਸਲਾਖ਼ਾਂ ਪਿੱਛੇ ਸਜ਼ਾ ਕੱਟ ਰਹੇ ਭਾਈ ਦਿਆ ਸਿੰਘ ਲਾਹੌਰੀਆ ਨੂੰ ਹਾਈ ਕੋਰਟ ਵਲੋਂ ਦੂਸਰੀ ਵਾਰ ਉਨ੍ਹਾਂ ਨੂੰ 30 ਦਿਨ ਦੀ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ ਉਹ ਫ਼ਰਵਰੀ ਵਿਚ ਅਪਣੇ ਬੇਟੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਹਾਈ ਕੋਰਟ  ਵਲੋਂ 20 ਦਿਨ ਦੀ ਮਿਲੀ ਪੈਰੋਲ 'ਤੇ ਘਰ ਆਏ ਸਨ।

image

 


ਉਨ੍ਹਾਂ ਦੇ ਘਰ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨਾਲ ਫ਼ਤਿਹ ਸਾਂਝੀ ਕੀਤੀ। ਉਥੇ ਦੇਰ ਰਾਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਬਰਨਾਲਾ, ਦੀਪਕ ਸ਼ਰਮਾ ਸੀਨੀਅਰ ਅਕਾਲੀ ਆਗੂ (ਅ), ਬਲਜਿੰਦਰ ਸਿੰਘ ਲਸੋਈ ਕੌਮੀ ਜਨਰਲ ਸਕੱਤਰ ਕਿਸਾਨ ਆਗੂ, ਗੁਰਤੇਜ ਸਿੰਘ ਅਸਪਾਲ ਆਦਿ ਨੇ ਦਿਆ ਸਿੰਘ ਲਾਹੌਰੀਆ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਕਮਲਜੀਤ ਕੌਰ ਨੂੰ ਸਿਰਪਾਉ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਭਾਈ ਲਾਹੌਰੀਆ ਨੇ ਦਸਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਵਲੋਂ ਜੇਲਾਂ ਵਿਚ ਬੰਦ ਸਮੁੱਚੇ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ 'ਤੇ ਵੀ ਉਨ੍ਹਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਉਪਰ ਹੋਰ ਧਰਾਵਾਂ ਲਗਾ ਕੇ ਜੇਲਾਂ ਵਿਚ ਹੀ ਡੱਕਿਆ ਹੋਇਆ ਹੈ। ਉਨ੍ਹਾਂ ਦੀਆਂ ਸਜ਼ਾਵਾਂ ਪੂਰੀ ਹੋਣ 'ਤੇ ਉਨ੍ਹਾਂ ਨੂੰ ਸਰਕਾਰਾਂ ਪਹਿਲ ਦੇ ਤੌਰ 'ਤੇ ਰਿਹਾਅ ਕਰਨ ਤਾਂ ਜੋ ਬੰਦੀ ਸਿੰਘ ਅਪਣੇ ਪ੍ਰਵਾਰਾਂ ਨੂੰ ਮਿਲ ਸਕਣ।  ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਇਸ ਸਮੇਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕ ਅਜਿਹੀ ਸੈਕੂਲਰ ਪਾਰਟੀ ਹੈ ਜੋ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਜੇਲਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕਿਹਾ ਕਿ ਇਹ ਉਨ੍ਹਾਂ ਦਾ ਕੌਮੀ ਫ਼ਰਜ਼ ਹੈ ਕਿ ਸਿੱਖ ਸੰਘਰਸ਼ ਵਿਚ ਭਾਰਤੀ ਜੇਲਾਂ ਵਿਚ ਬੰਦ ਸਮੁੱਚੇ ਸਿੰਘਾਂ ਦੀ ਰਿਹਾਈ ਲਈ ਚਲਾਈ ਗਈ ਮੂਵਮੈਂਟ ਵਿਚ ਹਮੇਸ਼ਾ ਹੀ ਕੁੱਦੇ ਰਹਿਣਗੇ ਤੇ ਯਤਨ ਜਾਰੀ ਰਹਿਣਗੇ।