ਸੁਨਾਮ ਵਿਚ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਰੋਕਣ ਲਈ ਕਿਸਾਨਾਂ ਨੇ ਨਿਜੀ ਵਪਾਰੀਆਂ ਦੇ ਗੋਦਾਮ ਘੇਰੇ

ਏਜੰਸੀ

ਖ਼ਬਰਾਂ, ਪੰਜਾਬ

ਸੁਨਾਮ ਵਿਚ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਰੋਕਣ ਲਈ ਕਿਸਾਨਾਂ ਨੇ ਨਿਜੀ ਵਪਾਰੀਆਂ ਦੇ ਗੋਦਾਮ ਘੇਰੇ

image

ਸੁਨਾਮ ਊਧਮ ਸਿੰਘ ਵਾਲਾ, 20 ਨਵੰਬਰ (ਦਰਸ਼ਨ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਇੱਥੇ ਸ਼ਹਿਰ ਅੰਦਰ ਇਕ-ਦੋ ਥਾਵਾਂ ਉਤੇ ਖਾਦ ਵਿਕਰੇਤਾ ਨਿਜੀ ਵਪਾਰੀਆਂ ਦੇ ਗੋਦਾਮ ਘੇਰ ਕੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੰਡ ਮੌਕੇ ਉਤੇ ਕਰਵਾਈ। ਜਥੇਬੰਦੀ ਦੇ ਆਗੂਆਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦਾ ਕਹਿਣਾ ਹੈ ਕਿ ਖਾਦ ਵਿਕਰੇਤਾ ਨਿਜੀ ਵਪਾਰੀ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਕਰ ਕੇ ਕਿਸਾਨਾਂ ਨੂੰ ਨਿਰਧਾਰਤ ਮੁੱਲ ਤੋਂ ਵੱਧ ਰੇਟ ਉਤੇ ਖਾਦ ਵੇਚ ਰਹੇ ਹਨ, ਜਦਕਿ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਅਜਿਹਾ ਨਾ ਹੋਣ ਦੀ ਗੱਲ ਕਹਿ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਸ਼ਹਿਰ ਅੰਦਰ ਖਾਦ ਵਿਕਰੇਤਾ ਨਿਜੀ ਵਪਾਰੀ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਕਰ ਕੇ ਮਹਿੰਗੇ ਮੁੱਲ ਯੂਰੀਆ ਖਾਦ ਕਿਸਾਨਾਂ ਨੂੰ ਵੇਚ ਰਹੇ ਹਨ ਜਾਂ ਨਾਲ ਕੋਈ ਗ਼ੈਰ-ਮਿਆਰੀ ਕੀਟਨਾਸ਼ਕ ਦਵਾਈ ਦੇ ਕੇ ਕਥਿਤ ਤੌਰ ਉਤੇ ਠੱਗੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਪਿਛਲੇ ਕਈ ਦਿਨਾਂ ਤੋਂ ਅਜਿਹਾ ਵਰਤਾਰਾ ਦੇਖਦੀ ਆ ਰਹੀ ਸੀ ਅਤੇ ਲੰਘੀ ਰਾਤ ਕਿਸਾਨਾਂ ਨੇ ਖਾਦ ਦੇ ਗੋਦਾਮਾਂ ਦੀ ਨਿਸ਼ਾਨਦੇਹੀ ਕਰ ਕੇ ਘਿਰਾਉ ਕੀਤਾ।
ਅੱਜ ਖਾਦ ਵਿਕਰੇਤਾ ਨਿਜੀ ਵਪਾਰੀਆਂ ਅਤੇ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਗੋਦਾਮ ਖੁਲਵਾਕੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਦੇ ਥੈਲਿਆਂ ਦੀ ਵੰਡ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਸੂਬੇ ਅੰਦਰ ਮਾਲ ਗੱਡੀਆਂ ਦੀ ਬੰਦ ਹੋਈ ਆਵਾਜਾਈ ਕਾਰਨ ਖਾਦ ਦੀ ਥੁੜ੍ਹ ਪੈਦਾ ਹੋ ਰਹੀ ਹੈ ਜਿਸ ਦੇ ਚਲਦਿਆਂ ਨਿਜੀ ਵਪਾਰੀ ਖਾਦ ਦੀ ਬਲੈਕ ਕਰ ਕੇ ਕਿਸਾਨਾਂ ਦੀ ਕਥਿਤ ਤੌਰ ਉਤੇ ਲੁੱਟ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਨਿਜੀ ਵਪਾਰੀਆਂ ਨੂੰ ਖਾਦ ਦੀ ਬਲੈਕ ਨਹੀਂ ਕਰਨ ਦਿਤੀ ਜਾਵੇਗੀ।  ਇਸ ਮੌਕੇ ਗੁਰਮੇਲ ਸਿੰਘ ਸ਼ਾਹਪੁਰ, ਰਾਮਪਾਲ ਸੁਨਾਮ ਸਮੇਤ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।
ਉਧਰ ਖੇਤੀਬਾੜੀ ਮਹਿਕਮੇ ਦੇ ਏਡੀਓ ਦਮਨਪ੍ਰੀਤ ਸਿੰਘ ਨੇ ਸੰਪਰਕ ਕਰਨ ਉਤੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਰੁਕ ਜਾਣ ਕਾਰਨ ਖਾਦ ਦੀ ਥੁੜ੍ਹ ਜ਼ਰੂਰ ਪੈਦਾ ਹੋ ਰਹੀ ਹੈ। ਲੇਕਿਨ ਰੇਟ ਤੋਂ ਵੱਧ ਮੁੱਲ ਉਤੇ ਖਾਦ ਨਹੀਂ ਵੇਚੀ ਜਾ ਰਹੀ ਅਤੇ ਨਾ ਹੀ ਕੋਈ ਕੀਟਨਾਸ਼ਕ ਦਵਾਈ ਖਾਦ ਦੇ ਨਾਲ ਦੇਣ ਲਈ ਮਜ਼ਬੂਰ ਕੀਤੇ ਜਾਣ ਦਾ ਕੋਈ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੁਨਾਮ ਸਰਕਲ ਅਧੀਨ ਆਉਂਦੇ ਖਾਦ ਵਿਕਰੇਤਾ ਦੇ ਸਟਾਕ ਦੀ ਬਕਾਇਦਾ ਜਾਣਕਾਰੀ ਰੱਖਣ ਲਈ ਸਮੇਂ ਸਮੇਂ ਚੈਕਿੰਗ ਕੀਤੀ ਜਾ ਰਹੀ ਹੈ।

ਫੋਟੋ: ਸੁਨਾਮ ਵਿਖੇ ਕਿਸਾਨ ਆਗੂ ਇਕ ਗੋਦਾਮ ਵਿਚੋਂ ਖਾਦ ਦੀ ਵੰਡ ਕਰਵਾਉਂਦੇ ਹੋਏ।
ਫਾਈਲ-20-ਸੁਨਾਮ-04--ਬੀਕੇਯੂ