ਅਜੇ ਨਹੀਂ ਖੁਲ੍ਹੇਗਾ ਕਰਤਾਰਪੁਰ ਲਾਂਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਦਾਅਵੇ ਤੋਂ ਪਲਟੇ ਵਿਜੇ ਸਾਂਪਲਾ

image

ਚੰਡੀਗੜ੍ਹ, 21 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਭਾਰਤ ਸਰਕਾਰ ਵਲੋਂ ਫ਼ਿਲਹਾਲ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਲਾਂਘਾ ਬੰਦ ਪਿਆ ਹੈ ਤੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਦੀ ਸਮੀਖਿਆ ਦੇ ਆਧਾਰ 'ਤੇ ਹੀ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇਣਗੇ। ਇਹ ਲਾਂਘਾ ਪਿਛਲੇ ਸਾਲ ਨਵੰਬਰ 'ਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵੇਲੇ ਖੁਲ੍ਹਿਆ ਸੀ ਤੇ ਕਰੀਬ ਚਾਰ ਮਹੀਨਿਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੇ ਬਾਬਾ ਨਾਨਕ ਦੀ ਕਰਮ ਭੂਮੀ ਦੇ ਦਰਸ਼ਨ ਕੀਤੇ ਸਨ। ਨਾਨਕ ਨਾਮ ਸੰਗਤਾਂ ਵਲੋਂ ਇਸ ਲਾਂਘੇ ਦੇ ਖੁਲ੍ਹਣ ਦੀ ਉਡੀਕ ਕੀਤੀ ਜਾ ਰਹੀ ਹੈ।

image


ਜ਼ਿਕਰਯੋਗ ਹੈ ਕਿ ਅੱਜ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਭਾਰਤ ਸਰਕਾਰ 27 ਨਵੰਬਰ ਤੋਂ ਲਾਂਘਾ ਖੋਲ੍ਹਣ ਜਾ ਰਹੀ ਹੈ। ਇਸ ਟਵੀਟ ਤੋਂ ਬਾਅਦ ਸੰਗਤਾਂ ਅੰਦਰ ਉਤਸ਼ਾਹ ਸੀ ਪਰ ਹੁਣ ਸਾਂਪਲਾ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਉਨ੍ਹਾਂ ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਟਵੀਟ ਕੀਤਾ ਸੀ ਪਰ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ 27 ਤਰੀਕ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਜਥਾ ਜਾਵੇਗਾ ਜੋ ਪਹਿਲੀ ਦਸੰਬਰ ਨੂੰ ਵਾਪਸੀ ਕਰੇਗਾ।

image


ਸਾਂਪਲਾ ਦੇ ਇਸ ਟਵੀਟ ਤੋਂ ਬਾਅਦ ਸੰਗਤਾਂ ਦਾ ਉਤਸ਼ਾਹ ਮੱਠਾ ਪੈਣਾ ਸੁਭਾਵਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਅੰਦਰ ਸਾਰੇ ਧਾਰਮਕ ਸਥਾਨ ਖੋਲ੍ਹੇ ਜਾ ਰਹੇ ਹਨ ਤੇ ਕਰਤਾਰਪੁਰ ਲਾਂਘਾ ਖੋਲ੍ਹਣ 'ਚ ਕੇਂਦਰ ਸਰਕਾਰ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਜਦੋਂ ਮਹਾਂਰਾਸ਼ਟਰ ਦੀ ਠਾਕਰੇ ਸਰਕਾਰ ਸੂਬੇ ਅੰਦਰਲੇ ਹਿੰਦੂ ਧਾਰਮਕ ਸਥਾਨ ਨਹੀਂ ਖੋਲ੍ਹ ਰਹੀ ਸੀ ਤਾਂ ਭਾਜਪਾ ਵਾਲੇ ਧਰਨੇ ਲਾ ਰਹੇ ਸਨ ਪਰ ਕਰਤਾਰਪੁਰ ਲਾਂਘਾ ਖੋਲ੍ਹਣ 'ਤੇ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ।