ਕੱਲ੍ਹ ਗੁਰੂਹਰਸਹਾਏ ਪਹੁੰਚਣਗੇ ਸੁਖਬੀਰ ਬਾਦਲ, ਪਾਰਟੀ ਗਤੀਵਿਧੀਆਂ ਸਬੰਧੀ ਹੋਵੇਗੀ ਵਿਚਾਰ-ਚਰਚਾ 

ਏਜੰਸੀ

ਖ਼ਬਰਾਂ, ਪੰਜਾਬ

ਫਰੀਦਕੋਟ ਰੋਡ 'ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਪੈਲੇਸ 'ਚ ਸਵੇਰੇ 10.30 ਵਜੇ ਪਹੁੰਚਣਗੇ ਸੁਖਬੀਰ ਬਾਦਲ

Sukhbir Badal

ਫਿਰੋਜ਼ਪੁਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਸੁਖਬੀਰ ਬਾਦਲ ਭਲਕੇ 22 ਨਵੰਬਰ ਨੂੰ ਗੁਰੂਹਰਸਹਾਏ 'ਚ ਆਉਣਗੇ। ਫਰੀਦਕੋਟ ਰੋਡ 'ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਪੈਲੇਸ 'ਚ ਸਵੇਰੇ 10.30 ਵਜੇ ਉਹ ਗੁਰੂਹਰਸਹਾਏ ਦੇ ਅਕਾਲੀ ਵਰਕਰਾ ਦੇ ਰੂਬਰੂ ਹੋਣਗੇ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ ਦੀ ਅਗਵਾਈ ਹੇਠ ਇਕੱਤਰ ਹੋਏ ਅਕਾਲੀ ਵਰਕਰਾ ਨਾਲ ਬੈਠਕ ਕਰਕੇ ਪਾਰਟੀ ਗਤੀਵਿਧੀਆਂ ਸਬੰਧੀ ਵਿਚਾਰ-ਚਰਚਾ ਕਰਨਗੇ।

ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇਂ ਦਿਨੀਂ ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਤਿੰਨ ਸਾਲ ਪੁਰਾਣੇ ਮਾਣਹਾਨੀ ਕੇਸ ਵਿਚ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਸ. ਸੁਖਬੀਰ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 43 ’ਚ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਕੇਸ ਦੀ ਸੁਣਵਾਈ ਕਰਦਿਆਂ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਇਹ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।

ਅਦਾਲਤ ਵੱਲੋਂ ਪਹਿਲਾਂ ਸੁਖਬੀਰ ਬਾਦਲ ਨੂੰ ਪੇਸ਼ ਹੋਣ ਲਈ ਕਈ ਵਾਰ ਸੰਮਨ ਜਾਰੀ ਕੀਤੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ। ਅਦਾਲਤ ਨੇ ਬਾਦਲ ਦੇ ਜ਼ਮਾਨਤੀ ਵਾਰੰਟ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ’ਤੇ ਪਾ ਦਿੱਤੀ ਸੀ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਖ਼ਿਲਾਫ਼ ਧਾਰਮਿਕ ਜਥੇਬੰਦੀ ਅਖੰਡ ਕੀਰਤਨੀ ਜਥੇ ਅਤੇ ਉਸ ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਵੱਲੋਂ ਜਨਵਰੀ 2017 ’ਚ ਕੇਸ ਫਾਈਲ ਕੀਤਾ ਗਿਆ ਸੀ।

ਕੇਸ ਫਾਈਲ ਅਨੁਸਾਰ ਸ਼ਿਕਾਇਤਕਰਤਾ ਰਾਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਜਨਵਰੀ 2017 ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਘਰ ਸਵੇਰੇ ਮਿਲਣ ਆਏ ਸਨ। ਸੁਖਬੀਰ ਬਾਦਲ ਨੇ ਮੀਡੀਆ ਨੂੰ ਜਥੇ ਦੇ ਖ਼ਿਲਾਫ਼ ਬਿਆਨ ਦਿੱਤਾ ਸੀ ਜਿਸ ਵਿੱਚ ਅਖੰਡ ਕੀਰਤਨੀ ਜਥੇ ਨੂੰ ਅਤਿਵਾਦੀ ਜਥੇਬੰਦੀ ਦਾ ਰਾਜਨੀਤਕ ਚਿਹਰਾ ਦੱਸਿਆ ਗਿਆ ਸੀ।