ਪੋਤੇ ਨੇ ਪੁਗਾਈ ਦਾਦੀ ਦੀ ਖੁਆਇਸ਼ , ਹੈਲੀਕਾਪਟਰ 'ਚ ਵਿਆਹ ਲਿਆਇਆ ਲਾੜੀ 

ਏਜੰਸੀ

ਖ਼ਬਰਾਂ, ਪੰਜਾਬ

ਲਾੜੀ ਨੂੰ ਲਿਆਉਣ ਲਈ ਦੇਹਰਾਦੂਨ ਤੋਂ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਮੰਗਵਾਇਆ ਗਿਆ

The groom brought the bride to the wedding in a helicopter

ਚੰਡੀਗੜ੍ਹ - ਪਿੰਡ ਬਸੌਲੀ ਨਿਵਾਸੀ ਜ਼ਿਲ੍ਹਾ ਪਰਿਸ਼ਦ ਮੋਹਾਲੀ ਦੇ ਸਾਬਕਾ ਵਾਇਸ ਚੇਅਰਮੈਨ ਗੁਰਵਿੰਦਰ ਸਿੰਘ ਬਸੌਲੀ ਨੇ ਆਪਣੀ ਮਾਤਾ ਸਵ. ਹਰਜੀਤ ਕੌਰ ਦੀ ਖਾਹਿਸ਼ ਪੂਰੀ ਕਰਦੇ ਹੋਏ ਆਪਣੇ ਬੇਟੇ ਨੂੰ ਲਾੜੀ ਲਿਆਉਣ ਲਈ ਹੈਲੀਕਾਪਟਰ 'ਚ ਭੇਜਿਆ, ਜੋ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਗਿਆ।  ਜਾਣਕਾਰੀ ਮੁਤਾਬਕ ਅਮਨਪ੍ਰੀਤ ਸਿੰਘ ਦੀ ਬਰਾਤ ਸਵੇਰੇ 10:30 ਵਜੇ ਪਿੰਡ ਬਸੌਲੀ ਤੋਂ ਰਵਾਨਾ ਹੋਈ।

ਲਾੜੀ ਨੂੰ ਲਿਆਉਣ ਲਈ ਦੇਹਰਾਦੂਨ ਤੋਂ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਮੰਗਵਾਇਆ ਗਿਆ। ਹੈਲੀਕਾਪਟਰ ਨੇ ਉਨ੍ਹਾਂ ਦੇ ਬਸੌਲੀ ਸਥਿਤ ਫ਼ਾਰਮ ਹਾਊਸ ਤੋਂ ਉਡਾਣ ਭਰੀ ਅਤੇ ਪੰਜ ਮਿੰਟ ਵਿਚ ਹੀ ਜੀਰਕਪੁਰ ਦੇ ਏ. ਕੇ. ਐੱਮ. ਰਿਜ਼ੋਰਟ ਦੀ ਪਾਰਕਿੰਗ ਵਿਚ ਲੈਂਡ ਹੋਇਆ। ਵਾਪਸੀ ਵਿਚ ਸ਼ਾਮ ਪੰਜ ਵਜੇ ਲਾੜੀ ਨਵਜੋਤ ਕੌਰ ਨੂੰ ਜ਼ੀਰਕਪੁਰ ਤੋਂ ਲੈ ਕੇ ਵਾਪਸ ਬਸੌਲੀ ਪੰਜ ਮਿੰਟ 'ਚ ਪਹੁੰਚ ਗਿਆ।

ਅਮਨਪ੍ਰੀਤ ਦਾ ਵਿਆਹ ਨਵਜੋਤ ਕੌਰ ਪੁੱਤਰੀ ਬੀਐੱਸ ਮਾਨ ਵਾਸੀ ਬਠਿੰਡਾ ਨਾਲ ਹੋਇਆ। ਲਾੜੇ ਦੇ ਪਿਤਾ ਗੁਰਵਿੰਦਰ ਸਿੰਘ ਗਿੰਦੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਬੀਬੀ ਹਰਜੀਤ ਕੌਰ 2001 'ਚ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਆਪਣੇ ਪੋਤੇ ਨੂੰ ਜਹਾਜ਼ 'ਚ ਵਿਆਹ ਕੇ ਲਿਆਉਣ। ਇਸ ਇੱਛਾ ਨੂੰ ਪੂਰਾ ਕਰਨ ਲਈ ਪਰਿਵਾਰ ਨੇ ਹੈਲੀਕਾਪਟਰ ਦਾ ਪ੍ਰਬੰਧ ਕੀਤਾ। ਉਕਤ ਵਿਆਹ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ।