ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਚੋਣ ਲੜ੍ਹਨ ਦਾ ਕੀਤਾ ਐਲਾਨ
'ਮੈਂ ਸਿੱਧੂ ਦੀ ਖ਼ਾਤਰ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ ਹਾਂ’
ਪਟਿਆਲਾ: ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲੋਂ ਨਾਤਾ ਪੂਰੀ ਤਰ੍ਹਾਂ ਤੋੜ ਦਿੱਤਾ। ਕੈਪਟਨ ਨੇ ਕਾਂਗਰਸ ਛੱਡ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾ ਲਈ ਹੈ।
ਕੈਪਟਨ ਨੇ ਆਪਣੇ ਫੇੱਸਬੁੱਕ ਪੇਜ਼ ‘ਪੰਜਾਬ ਦਾ ਕੈਪਟਨ’ ’ਤੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਨੇ ਪਟਿਆਲਾ ਹਲਕੇ ਤੋਂ ਚੋਣ ਲੜ੍ਹਨ ਦਾ ਐਲਾਨ ਕਰ ਦਿੱਤਾ ਹੈ। ਪੋਸਟ ’ਚ ਕੈਪਟਨ ਨੇ ਲਿਖਿਆ ਕਿ ‘ਮੈਂ ਪਟਿਆਲਾ ਤੋਂ ਹੀ ਚੋਣ ਲੜ੍ਹਾਂਗਾ, ਪਟਿਆਲਾ 400 ਸਾਲਾਂ ਤੋਂ ਸਾਡੇ ਨਾਲ ਰਿਹਾ ਹੈ ਅਤੇ ਮੈਂ ਸਿੱਧੂ ਦੀ ਖ਼ਾਤਰ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ ਹਾਂ।’
ਤੁਹਾਨੂੰ ਦੱਸ ਦੇਈਏ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Vidhan Sabha Election) ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ ਕਿ ਕੌਣ ਕਿੱਥੋਂ ਅਤੇ ਕਿਸ ਪਾਰਟੀ ਤੋਂ ਲੜੇਗਾ। ਇਸ ਦੌਰਾਨ ਜੇਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਖੁਦ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਹੈ।