MSP ਦੇ ਕਾਨੂੰਨੀਕਰਨ ਬਾਰੇ ਕੇਂਦਰ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ : ਨਵਜੋਤ ਸਿੱਧੂ
ਅੱਜ, ਭਾਵੇਂ ਅਸੀਂ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਆਪਣੀ ਜਿੱਤ 'ਤੇ ਖੁਸ਼ੀ ਮਨਾ ਰਹੇ ਹਾਂ ਪਰ ਸਾਡਾ ਅਸਲ ਕੰਮ ਅਜੇ ਸ਼ੁਰੂ ਹੋਇਆ ਹੈ।
ਚੰਡੀਗੜ੍ਹ : ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਕਿਸਾਨ ਅਜੇ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨਿਆਂ ਜਾਂਦੀਆਂ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਬਾਬਤ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਅੱਜ ਇੱਕ ਟਵੀਟ ਕੀਤਾ ਅਤੇ ਕਿਹਾ, ''ਅੱਜ, ਭਾਵੇਂ ਅਸੀਂ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਆਪਣੀ ਜਿੱਤ 'ਤੇ ਖੁਸ਼ੀ ਮਨਾ ਰਹੇ ਹਾਂ ਪਰ ਸਾਡਾ ਅਸਲ ਕੰਮ ਅਜੇ ਸ਼ੁਰੂ ਹੋਇਆ ਹੈ।
ਖੇਤੀ ਕਾਨੂੰਨਾਂ ਤੋਂ ਬਿਨ੍ਹਾਂ MSP, ਗ਼ਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖ਼ਰੀਦ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਕੇਂਦਰ ਦੀ ਗੁੱਝੀ ਸਾਜ਼ਿਸ਼ ਜਾਰੀ ਰਹੇਗੀ, ਇਹ ਹੁਣ ਗੁਪਤ ਅਤੇ ਹੋਰ ਖ਼ਤਰਨਾਕ ਹੋਵੇਗੀ।'' ਇਨਾਂ ਹੀ ਨਹੀਂ ਸਿੱਧੂ ਨੇ ਕਿਹਾ ਕਿ ਅਸੀਂ ਹੁਣ ਫਿਰ ਤੋਂ ਜੂਨ 2020 ਵਾਲੀ ਸਥਿਤੀ ਵਿਚ ਪਹੁੰਚ ਗਏ ਹਾਂ ਅਤੇ ਉਨ੍ਹਾਂ ਨੇ ਕਿਸਾਨਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਦੇ ਸਮਰਥਨ ਦੀ ਵੀ ਗੱਲ ਆਖੀ ਹੈ।
ਇੱਕ ਹੋਰ ਟਵੀਟ ਕਰ ਸਿੱਧੂ ਨੇ ਕਿਹਾ, ''ਖ਼ਰੀਦ, ਸਟੋਰੇਜ ਅਤੇ ਪ੍ਰਚੂਨ ਨਿੱਜੀ ਹੱਥਾਂ ਵਿਚ ਦੇਣ ਲਈ ਕੇਂਦਰ ਦੀ ਯੋਜਨਾ ਅਜੇ ਵੀ ਜਾਰੀ ਹੈ। MSP ਦੇ ਕਾਨੂੰਨੀਕਰਨ ਬਾਰੇ ਕੇਂਦਰ ਦੁਆਰਾ ਕੋਈ ਸ਼ਬਦ ਨਹੀਂ ਬੋਲਿਆ ਗਿਆ।
ਅਸੀਂ ਜੂਨ 2020 ਦੀ ਸਥਿਤੀ 'ਚ ਵਾਪਸ ਪਹੁੰਚ ਗਏ ਹਾਂ, ਕਾਰਪੋਰੇਟ ਦੇ ਕਬਜ਼ੇ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ - ਪੰਜਾਬ ਮਾਡਲ ਹੀ ਇਸ ਦਾ ਇੱਕੋ-ਇੱਕ ਹੱਲ ਹੈ !!''