ਲਖੀਮਪੁਰ ਹਿੰਸਾ ਵਿਚ ਮਾਰੇ ਗਏ ਕਿਸਾਨਾਂ ਦੇ ਪਰਵਾਰਕ ਮੈਂਬਰਾਂ ਨੇ ਕਿਹਾ, ‘‘ਕਾਨੂੰਨਾਂ ਨੂੰ ਵਾਪਸ ਲੈਣ
ਲਖੀਮਪੁਰ ਹਿੰਸਾ ਵਿਚ ਮਾਰੇ ਗਏ ਕਿਸਾਨਾਂ ਦੇ ਪਰਵਾਰਕ ਮੈਂਬਰਾਂ ਨੇ ਕਿਹਾ, ‘‘ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਦੇਰ ਨਾਲ ਆਇਆ
ਲਖੀਮਪੁਰ ਖੀਰੀ/ਬਹਿਰਾਈਚ, 20 ਨਵੰਬਰ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਵਿਚ ਤਿੰਨ ਅਕਤੂਬਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਵਿਚ ਮਾਰੇ ਗਏ ਕਿਸਾਨਾਂ ਦੇ ਪਰਵਾਰਾਂ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਬਹੁਤ ਦੇਰ ਨਾਲ ਚੁਕਿਆ ਗਿਆ ਕਦਮ ਦਸਿਆ।
ਕਿਸਾਨਾਂ ਦੇ ਪਰਵਾਰਕ ਮੈਂਬਰਾਂ ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਬਾਵਜੂਦ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ, ਕਾਨੂੰਨ ਵਾਪਸੀ ਦੇ ਲਿਖਤੀ ਆਦੇਸ਼ ਅਤੇ ਐਮ.ਐਸ.ਪੀ. ਦੀ ਗਰੰਟੀ ਮਿਲਣ ਤਕ ਅਪਣੀ ਲੜਾਈ ਜਾਰੀ ਰੱਖਣ ਦਾ ਦਾਅਵਾ ਕੀਤਾ ਹੈ। ਕਿਸਾਨਾਂ ਦੇ ਪਰਵਾਰਾਂ ਨੇ ਤਿੰਨ ਖੇਤੀ ਕਾਨੁੰਨਾਂ ਨੂੰ ਵਾਪਸ ਲੈਣ ਦੇ ਐਲਾਨ ਦਾ ਸੁਆਗਤ ਕੀਤਾ ਪਰ ਕਿਹਾ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਖੀਰੀ ਜ਼ਿਲ੍ਹੇ ਦੀ ਪਲੀਆ ਤਹਿਸੀਲ ਦੇ ਚੌਖਰਾ ਫ਼ਾਰਮ ਦੇ ਸਤਨਾਮ ਸਿੰਘ ਨੇ ਤਿੰਨ ਅਕਤੂਬਰ ਨੂੰ ਤਿਕੁਨੀਆ ਹਿੰਸਾ ਵਿਚ ਅਪਣੇ ਇਕਲੌਤੇ ਲੜਕੇ ਲਵਪ੍ਰੀਤ ਸਿੰਘ ਨੂੰ ਖੋ ਦਿਾਤ ਸੀ। ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੋਈ ਨਹੀਂ ਕਰ ਸਕਦਾ। ਜੇ ਇਹ ਕਦਮ ਮਹੀਨਾ ਪਹਿਲਾਂ ਚੁਕ ਲਿਆ ਜਾਂਦਾ ਤਾਂ ਅੱਜ ਉਸ ਦਾ ਲੜਕਾ ਵੀ ਉਨ੍ਹਾਂ ਦੇ ਨਾਲ ਹੁੰਦਾ। ਕੁੱਝ ਅਜਿਹੀਆਂ ਹੀ ਭਾਵਨਾਵਾਂ ਨੂੰ ਪ੍ਰਗਟ ਕਰਦਿਆਂ ਜ਼ਿਲ੍ਹੇ ਦੀ ਧੌਰਹਰਾ ਤਹਿਸੀਲ ਦੇ ਨਾਮਦਾਪੁਰਵਾ ਦੇ ਜਗਦੀਪ ਨੇ ਕਿਹਾ ਕਿ ਏਨੀ ਦੇਰ ਤੋਂ ਕਾਨੂੰਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਉਨ੍ਹਾਂ ਦੇ ਪਿਤਾ ਨੂੰ ਵਾਪਸ ਨਹੀਂ ਲਿਆ ਸਕਦਾ।
ਜਗਦੀਪ ਨੇ ਤਿੰਨ ਅਕਤੂਬਰ ਦੀ ਹਿੰਸਾ ਵਿਚ ਅਪਣੇ ਪਿਤਾ ਨਛੱਤਰ ਸਿੰਘ ਨੂੰ ਖੋ ਦਿਤਾ ਸੀ। ਲਖੀਮਪੁਰ ਖੀਰੀ ਵਿਚ ਮਾਰੇ ਗਏ ਬਹਿਰਾਈਚ ਜ਼ਿਲ੍ਹੇ ਦੇ ਦੋ ਕਿਸਾਨਾਂ ਦੇ ਪਰਵਾਰਾਂ ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਬਾਵਜੂਦ ਕੇਂਦਰੀ ਗ੍ਰਹਿ ਮੰਤਰੀ ਮਿਸ਼ਰਾ ਦੀ ਬਖ਼ਾਸਤਗੀ, ਕਾਨੂੰਨ ਵਾਪਸੀ ਦੇ ਲਿਖਤੀ ਆਦੇਸ਼ ਅਤੇ ਐਮ.ਐਸ.ਪੀ. ਦੀ ਗਰੰਟੀ ਮਿਲਣ ਤਕ ਅਪਣੀ ਲੜਾਈ ਜਾਰੀ ਰੱਖਣ ਦਾ ਗੱਲ ਕਹੀ। (ਏਜੰਸੀ)