ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਤਮਹੱਤਿਆ ਕਰਨ ਤੋਂ ਪਹਿਲਾਂ ਪਰਿਵਾਰ ਨੂੰ ਕੀਤੀ ਵੀਡੀਓ ਕਾਲ 

suicide

ਪੁਲਿਸ ਨੇ ਕੀਤਾ ਮਾਮਲਾ ਦਰਜ, ਤਫ਼ਤੀਸ਼ ਜਾਰੀ  

ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਇਕ 24ਸਾਲਾ ਨਾਈਜੇਰੀਅਨ ਵਿਦੇਸ਼ੀ ਵਿਦਿਆਰਥੀ ਦੇ ਵਲੋਂ ਬਾਬਾ ਬੁੱਢਾ ਸਾਹਿਬ ਭਵਨ ਵਿਖੇ ਸਥਿਤ ਵਿਦੇਸ਼ੀ ਵਿਦਿਆਰਥੀਆਂ ਦੇ ਹੋਸਟਲ ਵਿਖੇ 20ਨਵੰਬਰ ਦਿਨ ਸ਼ਨੀਵਾਰ ਦੀ ਦੇਰ ਸ਼ਾਮ ਪੱਖੇ ਨਾਲ ਫ਼ਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਅਲੈਕਸ 24 ਨਿਵਾਸੀ ਨਾਇਜੀਰੀਆ ਦੇ ਰੂਪ ਵਿਚ ਹੋਈ ਹੈ ਜੋ ਕਿ ਜੀਐਨਡੀਯੂ ਦੇ ਕੰਪਿਊਟਰ ਸਾਇੰਸ ਵਿਭਾਗ ਦਾ ਵਿਦਿਆਰਥੀ ਸੀ ਤੇ ਬੀਤੇ ਕਈ ਵਰ੍ਹਿਆਂ ਤੋਂ ਭਾਰਤ ਵਿਚ ਰਹਿ ਰਿਹਾ ਸੀ। ਅਲੈਕਸ ਨੇ ਇਹ ਕਦਮ ਕਦੋਂ ਅਤੇ ਕਿਉਂ ਚੁੱਕਿਆ ਇਨ੍ਹਾਂ ਕਾਰਨਾਂ ਦਾ ਪੁਲਿਸ ਪਤਾ ਲਗਾ ਰਹੀ ਹੈ ਜਦੋਂ ਕਿ ਘਟਨਾਕ੍ਰਮ ਵਾਲੇ ਦਿਨ 20ਨਵੰਬਰ ਦਿਨ ਸ਼ਨੀਵਾਰ ਨੂੰ ਇਸ ਬਾਬਤ ਜੀਐੱਨਡੀਯੂ ਪ੍ਰਬੰਧਨ ਦੇ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਸ਼ਾਮ 7-30ਵਜੇ ਦੇ ਕਰੀਬ ਪੁਲਿਸ ਥਾਣਾ ਕੰਟੋਨਮੈਂਟ ਦੇ ਅਧਿਕਾਰਤ ਖੇਤਰ ਵਾਲੀ ਪੁਲਿਸ ਚੌਕੀ ਮਾਹਲ ਦੇ ਇੰਚਾਰਜ ਬਲਬੀਰ ਸਿੰਘ ਭੰਗੂ ਤੇ  ਹੋਰ ਆਲਾ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤੇ ਮ੍ਰਿਤਕ ਅਲੈਕਸ ਦੀ ਲਾਸ਼ ਨੂੰ ਪੱਖੇ ਨਾਲੋਂ ਹੇਠਾਂ ਉਤਾਰ ਕੇ ਅਗਲੇਰੀ ਕਾਰਵਾਈ ਤੇ  ਪੋਸਟਮਾਰਟਮ ਲਈ ਜਲ੍ਹਿਆਂਵਾਲਾ ਬਾਗ ਸ਼ਹੀਦੀ ਮੈਮੋਰੀਅਲ ਸਰਕਾਰੀ ਸਿਵਲ ਹਸਪਤਾਲ ਵਿਖੇ ਭੇਜ ਦਿਤਾ।

ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਲੈਕਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ। ਪਰ ਪੁਲਿਸ ਵਲੋਂ ਇਸ ਸਬੰਧੀ ਕੋਈ ਵੀ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਥਾਣਾ ਕੰਟੋਨਮੈਂਟ ਦੇ ਅਧਿਕਾਰਤ ਖੇਤਰ ਵਿਚ ਆਉਂਦੀ ਪੁਲਿਸ ਚੌਕੀ ਮਾਹਲ ਵਲੋਂ ਆਈਪੀਸੀ ਦੀ ਧਾਰਾ 174 ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਮਾਹਰਾਂ ਅਨੁਸਾਰ ਮ੍ਰਿਤਕ  ਅਲੈਕਸ ਦੇ ਜੱਦੀ ਦੇਸ਼ ਦੇ ਨਵੀਂ ਦਿੱਲੀ ਸਥਿਤ ਸਫ਼ਾਰਤਖਾਨੇ ਅਤੇ ਭਾਰਤੀ ਦੂਤਾਵਾਸ ਦੇ ਆਪਸੀ ਵਿਚਾਰ ਵਟਾਂਦਰੇ ਅਤੇ ਦਸਤਾਵੇਜ਼ੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਹੀ ਉਸ ਦੀ ਮ੍ਰਿਤਕ ਦੇਹ ਉਸ ਦੇ ਵਤਨ ਵਾਪਸ ਜਾ ਸਕੇਗੀ।