ਕੋਈ ਸਬੂਤ ਨਹੀਂ ਕਿ ਆਰਿਅਨ ਖ਼ਾਨ ਨੇ ਨਸ਼ੀਲੇ ਪਦਾਰਥ ਨਾਲ ਜੁੜੇ ਅਪਰਾਧ ਦੀ ਸਾਜ਼ਸ਼ ਰਚੀ ਸੀ : ਅਦਾਲਤ
ਕੋਈ ਸਬੂਤ ਨਹੀਂ ਕਿ ਆਰਿਅਨ ਖ਼ਾਨ ਨੇ ਨਸ਼ੀਲੇ ਪਦਾਰਥ ਨਾਲ ਜੁੜੇ ਅਪਰਾਧ ਦੀ ਸਾਜ਼ਸ਼ ਰਚੀ ਸੀ : ਅਦਾਲਤ
ਨਵੀਂ ਦਿੱਲੀ, 20 ਨਵੰਬਰ : ਮੁੰਬਈ ਹਾਈ ਕੋਰਟ ਨੇ ਮੁੰਬਈ ਦੇ ਕਰੂਜ ਜਹਾਜ਼ ਵਿਚ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਮਾਮਲੇ ਵਿਚ ਅਭਿਨੇਤਾ ਸ਼ਾਹਰੁਖ਼ ਖ਼ਾਨ ਦੇ ਲੜਕੇ ਆਰਿਅਨ ਖ਼ਾਨ ਅਤੇ ਦੋ ਹੋਰਨਾਂ ਨੂੰ ਜ਼ਮਾਨਤ ਦੇਣ ਵਾਲੇ ਅਪਣੇ ਵਿਆਪਕ ਆਦੇਸ਼ ਵਿਚ ਕਿਹਾ ਹੈ ਕਿ ਪਹਿਲੀ ਨਜ਼ਰੇ ਉਸ ਨੂੰ ਦੋਸ਼ੀਆਂ ਵਿਰੁਧ ਅਜਿਹਾ ਕੋਈ ਸਾਕਾਰਾਤਮਕ ਸਬੂਤ ਨਹੀਂ ਮਿਲੇ ਹਨ ਜਿਸ ਤੋਂ ਇਹ ਪਤਾ ਲੱਗੇ ਕਿ ਦੋਸ਼ੀਆਂ ਨੇ ਅਪਰਾਧ ਦੀ ਸਾਜ਼ਸ਼ ਰਚੀ ਸੀ। ਜਸਟਿਸ ਐਨ.ਡਬਲਿਊ. ਸਾਂਬਰੇ ਦੇ ਇਕ ਮੈਂਬਰ ਬੈਂਚ ਨੇ 28 ਅਕਤੂਬਰ ਨੂੰ ਆਰਿਅਨ ਖ਼ਾਨ, ਉਸ ਦੇ ਦੋਸਤ ਅਰਬਾਜ਼ ਮਰਚੈਂਟ ਅਤੇ ਮਾਡਲ ਮੁਨਮੁਨ ਧਮੇਚਾ ਨੂੰ ਇਕ ਲੱਖ ਰੁਪਏ ਦੇ ਮੁਚੱਲਕੇ ’ਤੇ ਜ਼ਮਾਨਤ ਦਿਤੀ ਸੀ। ਵਿਆਪਕ ਆਦੇਸ਼ ਦੀ ਕਾਪੀ ਅੱਜ ਮੁਹਈਆ ਕਰਾਈ ਗਈ। ਅਦਾਲਤ ਨੇ ਕਿਹਾ ਕਿ ਆਰਿਅਨ ਖ਼ਾਨ ਦੇ ਮੋਬਾਈਲ ਫ਼ੌਨ ਤੋਂ ਮਿਲੀ ਵਟਸਅਪ ਚੈਟ ਤੋਂ ਤੋਂ ਪਤਾ ਲਗਦਾ ਹੈ ਕਿ ਅਜਿਹਾ ਕੁੱਝ ਇਤਰਾਜ਼ਯੋਗ ਨਹੀਂ ਪਾਇਆ ਗਿਆ ਜੋ ਦਿਖਾਉਂਦਾ ਹੋਵੇ ਕਿ ਉਸ ਨੇ ਮਰਚੈਂਟ ਅਤੇ ਧਮੇਚਾ ਤੇ ਮਾਮਲੇ ਦੇ ਹੋਰ ਦੋਸ਼ੀਆਂ ਨੇ ਅਪਰਾਧ ਦੀ ਸਾਜ਼ਸ਼ ਰਚੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਐਨ.ਡੀ.ਪੀ.ਐਸ. ਕਾਨੂੰਨ ਦੀ ਧਾਰਾ 67 ਤਹਿਤ ਐਨ.ਸੀ.ਬੀ. ਨੇ ਆਰਿਅਨ ਖ਼ਾਨ ਦੀ ਜੋ ਬਿਆਨ ਦਰਜ ਕਰਾਇਆ ਹੈ, ਉਸ ਉਪਰ ਸਿਰਫ਼ ਜਾਂਚ ਦੇ ਮਕਸਦ ਨਾਲ ਹੀ ਗ਼ੌਰ ਕੀਤਾ ਜਾ ਸਕਦਾ ਹੈ। ਉਸ ਦੀ ਵਰਤੋਂ ਇਹ ਸਿੱਟਾ ਕੱਢਣ ਲਈ ਹਥਿਆਰ ਦੇ ਤੌਰ ’ਤੇ ਨਹੀਂ ਕੀਤੀ ਜਾ ਸਕਦੀ ਕਿ ਦੋਸ਼ ਨੇ ਐਨ.ਡੀ.ਪੀ.ਐਸ. ਕਾਨੂੰਨ ਤਹਿਤ ਕੋਈ ਅਪਰਾਧ ਕੀਤਾ ਹੈ। 14 ਪੰਨਿਆਂ ਦੇ ਆਦੇਸ਼ ਵਿਚ ਕਿਹਾ ਗਿਆ ਹੈ, ‘‘ਅਜਿਹਾ ਕੋਈ ਸਾਕਾਰਾਤਮਕ ਸਬੂਤ ਰੀਕਾਰਡ ਵਿਚ ਨਹੀਂ ਹੈ ਜੋ ਅਦਾਲਤ ਨੂੰ ਇਸ ਗੱਲ ’ਤੇ ਰਾਜ਼ੀ ਕਰ ਸਕੇ ਕਿ ਇਕ ਸਮਾਨ ਮਨਸ਼ਾ ਵਾਲੇ ਸਾਰੇ ਦੋਸ਼ੀ ਗ਼ੈਰ ਕਾਨੂੰਨੀ ਕੰਮ ਕਰਨ ਲਈ ਸਹਿਮਤ ਹੋ ਗਏ।’’ (ਏਜੰਸੀ)