ਹਰੀਕੇ ਪੱਤਣ ਝੀਲ ਪ੍ਰਵਾਸੀ ਮਹਿਮਾਨ ਪੰਛੀਆਂ ਦੀ ਫੇਰੀ ਨਾਲ ਚਹਿਕੀ

ਏਜੰਸੀ

ਖ਼ਬਰਾਂ, ਪੰਜਾਬ

ਹਰੀਕੇ ਪੱਤਣ ਝੀਲ ਪ੍ਰਵਾਸੀ ਮਹਿਮਾਨ ਪੰਛੀਆਂ ਦੀ ਫੇਰੀ ਨਾਲ ਚਹਿਕੀ

image


ਪਾਣੀ ਪੱਧਰ ਕਰੀਬ ਤਿੰਨ ਫ਼ੁਟ ਘੱਟ, ਸੁਰੱਖਿਆਂ ਦੇ ਪ੍ਰਬੰਧ ਮੁਕੰਮਲ : ਅਧਿਕਾਰੀ


ਪੱਟੀ, 20 ਨਵੰਬਰ (ਅਜੀਤ ਸਿੰਘ ਘਰਿਆਲਾ) : ਬਿਆਸ ਸਤਲੁਜ ਦਰਿਆਵਾਂ ਦੇ ਮਿਲਣ ਸੰਗਮ ਹਰੀਕੇ ਪੱਤਣ ਵਿਖੇ ਝੀਲ ਵਿਚ ਪ੍ਰਵਾਸੀ ਮਹਿਮਾਨ ਪੰਛੀਆਂ ਦੀ ਫੇਰੀ ਨਾਲ ਚਹਿਕ ਗਈ ਹੈ | ਇਸ ਮੌਕੇ ਰੰਗ ਬਿਰੰਗੇ ਪ੍ਰਵਾਸੀ ਪੰਛੀਆਂ ਦੀਆਂ ਉਡਾਰਾਂ ਦੇ ਝੂੰਡ ਹਰੀਕੇ ਝੀਲ ਵਿਚ ਮਸਤੀ ਕਰਦੇ ਵੇਖੇ ਗਏ ਹਨ | ਇਥੇ ਦੱਸਣਯੋਗ ਹੈ ਕਿ ਯੂਰਪੀ ਦੇਸ਼ਾਂ ਵਿਚ ਜ਼ਿਆਦਾ ਸਰਦੀ ਹੋਣ ਕਾਰਨ ਝੀਲਾਂ ਦੇ ਪਾਣੀ ਅਕਸਰ ਜੰਮ ਜਾਂਦੇ ਹਨ ਤੇ ਪੰਛੀਆਂ ਲਈ ਰੈਣ ਬਸੇਰਾ ਕਰਨਾ ਔਖਾ ਹੋ ਜਾਂਦਾ ਹੈ, ਜਿਸ ਕਾਰਨ ਮਹਿਮਾਨ ਪੰਛੀ ਹਜ਼ਾਰਾਂ ਮੀਲ ਦਾ ਸਫ਼ਰ ਉਡਾਰੀਆਂ ਰਾਹੀਂ ਪੂਰਾ ਕਰ ਕੇ ਹਰੀਕੇ ਝੀਲ ਪੁਜਦੇ ਹਨ |
ਇਸ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬੀਤੇ ਸਾਲ ਨਾਲੋਂ ਇਸ ਵਾਰ ਪੰਛੀਆਂ ਦੀ ਗਿਣਤੀ ਵਧੀ ਹੈ | ਸਰਦੀ ਵਧਣ ਦੇ ਨਾਲ-ਨਾਲ ਇਨ੍ਹਾਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ | ਹਰੀਕੇ ਝੀਲ ਦੇ ਦੋ ਖੇਤਰ ਰਿਆਸਤ ਤੇ ਖੈਤਾਨ ਹਨ, ਜਿਥੇ ਜ਼ਿਆਦਾ ਗਿਣਤੀ ਵਿਚ ਪ੍ਰਵਾਸੀ ਪੰਛੀ ਵੇਖੇ ਜਾ ਸਕਦੇ ਹਨ | ਇਨ੍ਹਾਂ ਪੰਛੀਆ ਦਾ ਨਵੰਬਰ ਮਹੀਨੇ ਵਿਚ ਆਉਣਾ ਸ਼ੁਰੂ ਹੋੋ ਜਾਦਾ ਹੈ ਅਤੇ ਮਾਰਚ
ਮਹੀਨੇ ਵਿਚ ਵਾਪਸੀ ਉਡਾਰੀ ਸ਼ੁਰੂ ਹੋ ਜਾਦੀ ਹੈ | ਹਰ ਸਾਲ ਹਰੀਕੇ ਝੀਲ ਵਿਚ 200 ਤੋਂ ਵੱਧ ਦੇ ਕਰੀਬ ਪੰਛੀਆਂ ਦੀਆਂ ਪ੍ਰਜਾਤੀਆਂ ਹੁੰਦੀਆ ਹਨ | ਜਨਵਰੀ-ਫ਼ਰਵਰੀ ਵਿਚ ਵਿਭਾਗ ਵਲੋਂ ਇਨ੍ਹਾਂ ਦੀ ਗਿਣਤੀ ਵੀ ਕੀਤੀ ਜਾਦੀ ਹੈ | ਵਿਭਾਗ ਦੇ ਅਧਿਕਾਰੀਆਂ ਮੁਤਾਬਕ ਝੀਲ ਵਿਚ ਹੁਚ ਤਕ ਨਾਰਥਰਨ ਸ਼ਵਲਰ, ਗ੍ਰੇ ਲੈਂਗ ਗੀਜ਼, ਬਾਰ ਹੈਵਿਡ ਗੀਜ਼, ਕੋਮਿਨ ਪਚਾਰਡ, ਗਡਵਾਲ, ਕੂਟ ਬਰਾਊਨ ਹੈਡ ਗਲ, ਰੂਡੀ ਸੈਲਡਿਕ, ਲਿਟਲ ਕਾਰਮੋਨੈਂਟ, ਬਲੈਕ ਹੈਡਿਡ ਗਲ, ਗਰੇਟ ਈਗਰੇਟ, ਪਰਪਲ ਹੈਰਨ, ਟਫਟਫ ਪੌਚਿਡ, ਇੰਡੀਅਨ ਸਪਾਟਬਿਲ, ਰੂਡੀ ਸੈਲਡਿੱਕ, ਡੱਕ ਆਦਿ ਪੰਛੀਆਂ ਦੀ ਗਿਣਤੀ ਜ਼ਿਆਦਾ ਦਿਖਾਈ ਦੇ ਰਹੀ ਹੈ |

ਪਾਣੀ ਦਾ ਘੱਟ ਪੱਧਰ ਚਿੰਤਾ ਦਾ ਵਿਸ਼ਾ
ਹਰੀਕੇ ਝੀਲ ਵਿਚ ਸਰਦ ਰੁੱਤ ਦੇ ਮਹਿਮਾਨ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋਈ ਹੈ ਪਰ ਕਰੀਬ 5-6 ਦਿਨਾਂ ਤੋਂ ਪਾਣੂ ਦਾ ਪੱਧਰ ਘੱਟ ਗਿਆ ਹੈ | ਜੋ ਮਹਿਮਾਨ ਪੰਛੀਆਂ ਦੀ ਪ੍ਰਹੁਣਚਾਰੀ ਲਈ ਚਿੰਤਾਂ ਦਾ ਵਿਸ਼ਾ ਹੈ | ਹਰੀਕੇ ਝੀਲ ਤੇ ਪੌਡ ਲੈਬਲ 690.50 ਹੁੰਦਾ ਹੈ ਅਤੇ ਹੁਣ 687.50 ਹੈ ਤੇ ਝੀਲ ਵਿਚ ਕਰੀਬ ਤਿੰਨ ਫੁੱਟ ਪਾਣੀ ਘੱਟ ਦਾ ਅੰਦਾਜ਼ਾ ਹੈ | ਜਿਸ ਕਾਰਨ ਸਿਲਟ ਮਿੱਟੀ ਦੀਆਂ ਢੇਰੀਆ ਦਿਖਾਈ ਦਿੰਦੀਆ ਨਜ਼ਰ ਆ ਰਹੀਆ ਹਨ | ਇਸ ਸਬੰਧੀ ਡਬਲਿਊ-ਐਫ਼ ਦੀ ਸੀਨੀਅਰ ਕੋਆਰਡੀਨੇਟਰ ਗੀਤਾਂਜਲੀ ਕੰਵਰ ਨੇ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਹੋਰ ਘਟਦਾ ਹੈ ਤਾਂ ਪ੍ਰਵਾਸੀ ਪੰਛੀਆਂ 'ਤੇ ਅਸਰ ਪਵੇਗਾ, ਜਿਸ ਨਾਲ ਪੰਛੀਆਂ ਦੇ ਖਾਣ ਪੀਣ ਤੇ ਰਹਿਣ ਲਈ ਮੁਸ਼ਕਲ ਹੋਵੇਗੀ ਤੇ ਪੰਛੀ ਉਸ ਖੇਤਰ ਨੂੰ  ਛੱਡ ਕਿਤੇ ਹੋਰ ਕੂਚ ਕਰ ਸਕਦੇ ਹਨ |