ਖਰੜ-ਜ਼ੀਰਕਪੁਰ 'ਚ ਨਵੇਂ ਰੀਅਲ ਅਸਟੇਟ ਪ੍ਰਾਜੈਕਟਾਂ ਦੀ ਸ਼ੁਰੂਆਤ 'ਤੇ ਰੋਕ, ਨਗਰ ਕੌਂਸਲਾਂ ਨੂੰ ਸੀਵਰੇਜ ਦਾ ਢੁੱਕਵਾਂ ਪ੍ਰਬੰਧ ਕਰਨ ਦੇ ਹੁਕਮ 

ਏਜੰਸੀ

ਖ਼ਬਰਾਂ, ਪੰਜਾਬ

ਘੱਗਰ ਦਰਿਆ ਵਿਚ ਸੀਵਰੇਜ ਦਾ ਨਿਕਾਸ ਨਾ ਕੀਤਾ ਜਾਵੇ - PPCB

new real estate projects in Kharar-Zirakpur

 

ਜ਼ੀਰਕਪੁਰ - ਚੰਡੀਗੜ੍ਹ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਦੇ ਖਰੜ ਅਤੇ ਜ਼ੀਰਕਪੁਰ ਵਿਚ ਨਵੇਂ ਰੀਅਲ ਅਸਟੇਟ ਪ੍ਰਾਜੈਕਟਾਂ ਦੀ ਸ਼ੁਰੂਆਤ ਨੂੰ ਲੈ ਕੇ ਸੰਕਟ ਪੈਦਾ ਹੋ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਖਰੜ ਅਤੇ ਜ਼ੀਰਕਪੁਰ ਵਿਚ ਜ਼ੀਰੋ ਅਨਟਰੀਟਿਡ ਡਿਸਚਾਰਜ ਨੂੰ ਯਕੀਨੀ ਬਣਾਉਣ ਵਿਚ ਅਸਫ਼ਲ ਰਹਿਣ 'ਤੇ ਸਖ਼ਤੀ ਦਿਖਾਈ ਹੈ।

ਪੀਪੀਸੀਬੀ ਨੇ ਲੋਕਲ ਬਾਡੀਜ਼ ਵਿਭਾਗ ਨੂੰ ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਨਵੇਂ ਪ੍ਰਾਜੈਕਟਾਂ ’ਤੇ ਰੋਕ ਲਾਉਣ ਲਈ ਕਿਹਾ ਹੈ। ਇਹ ਪਾਬੰਦੀ ਉਦੋਂ ਤੱਕ ਲਾਗੂ ਕਰਨ ਲਈ ਕਿਹਾ ਗਿਆ ਹੈ ਜਦੋਂ ਤੱਕ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਸਥਾਪਤ ਨਹੀਂ ਹੋ ਜਾਂਦੇ ਅਤੇ ਚਾਲੂ ਨਹੀਂ ਹੋ ਜਾਂਦੇ। ਪੀਪੀਸੀਬੀ ਵੱਲੋਂ ਦੋਵਾਂ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੂੰ ਇਹ ਯਕੀਨੀ ਬਣਾਉਣ ਲਈ ਲਗਾਤਾਰ ਰਿਮਾਈਂਡਰ ਭੇਜੇ ਜਾ ਰਹੇ ਹਨ ਕਿ ਘੱਗਰ ਦਰਿਆ ਵਿਚ ਸੀਵਰੇਜ ਦਾ ਨਿਕਾਸ ਨਾ ਕੀਤਾ ਜਾਵੇ। ਕੋਈ ਢੁੱਕਵੀਂ ਕਾਰਵਾਈ ਨਾ ਹੁੰਦੇ ਦੇਖ ਕੇ ਇਹ ਹੁਕਮ ਜਾਰੀ ਕੀਤੇ ਗਏ ਹਨ।

ਪੀਪੀਸੀਬੀ ਨੇ ਲੋਕਲ ਬਾਡੀ ਨੂੰ ਖਰੜ ਅਤੇ ਜ਼ੀਰਕਪੁਰ ਨਗਰ ਕੌਂਸਲਾਂ ਦੇ ਸਬੰਧਤ ਅਧਿਕਾਰੀਆਂ ਨੂੰ ਐਸ.ਟੀ.ਪੀਜ਼ ਦੀ ਸਮੇਂ ਸਿਰ ਸਥਾਪਨਾ ਬਾਰੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸਾਹਮਣੇ ਮਾਮਲਾ ਰੱਖਣ ਲਈ ਆਦੇਸ਼ ਦੇਣ ਲਈ ਕਿਹਾ ਹੈ। ਦੱਸ ਦਈਏ ਕਿ ਖਰੜ ਅਤੇ ਜ਼ੀਰਕਪੁਰ ਵਿਚ ਅੰਨ੍ਹੇਵਾਹ ਰੀਅਲ ਅਸਟੇਟ ਪ੍ਰੋਜੈਕਟ ਬਣਾਏ ਜਾ ਰਹੇ ਹਨ। ਬੋਰਡ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦਾ ਅਣਸੋਧਿਆ ਕੂੜਾ ਕਈ ਡਰੇਨਾਂ ਆਦਿ ਰਾਹੀਂ ਘੱਗਰ ਦਰਿਆ ਵਿਚ ਮਿਲ ਰਿਹਾ ਹੈ ਅਤੇ ਪ੍ਰਦੂਸ਼ਣ ਫੈਲ ਰਿਹਾ ਹੈ। ਇਨ੍ਹਾਂ ਦੋਵਾਂ ਸ਼ਹਿਰਾਂ ਦਾ ਅਣਸੋਧਿਆ ਗੰਦਾ ਪਾਣੀ ਕੁਦਰਤੀ ਨਾਲਿਆਂ ਵਿਚ ਵਗਦਾ ਹੈ। ਇਨ੍ਹਾਂ ਵਿਚ ਸੁਖਨਾ 'ਚੋਂ, ਸਿੰਘ ਨਾਲਾ ਅਤੇ ਜੈਅੰਤੀ ਕੀ ਰਾਓ ਸ਼ਾਮਲ ਹਨ। ਇੱਥੋਂ ਇਹ ਘੱਗਰ ਵਿਚ ਦਾਖ਼ਲ ਹੁੰਦਾ ਹੈ। 

ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿਚ ਸਥਾਪਿਤ ਐਸਟੀਪੀ ਦੀ ਸਮਰੱਥਾ 17.3 ਮਿਲੀਅਨ ਲੀਟਰ ਪ੍ਰਤੀ ਦਿਨ (ਐਮ.ਐਲ.ਡੀ.) ਹੈ। ਜਦੋਂ ਕਿ ਖਰੜ ਦੇ ਐਸ.ਟੀ.ਪੀ ਦੀ ਸਮਰੱਥਾ 11 ਐਮ.ਐਲ.ਡੀ. ਇਸ ਵੇਲੇ ਇਹ ਦੋਵੇਂ ਐਸਟੀਪੀ ਪਾਣੀ ਦੇ ਪ੍ਰਦੂਸ਼ਣ ਦਾ ਭਾਰ ਚੁੱਕਣ ਦੀ ਸਥਿਤੀ ਵਿਚ ਨਹੀਂ ਹਨ। ਦੋਵਾਂ ਸ਼ਹਿਰਾਂ ਵਿਚ ਸੀਵਰੇਜ ਦੇ ਕੂੜੇ ਦੇ ਨਿਕਾਸੀ ਅਤੇ ਟ੍ਰੀਟਮੈਂਟ ਵਿਚ 17 ਐਮਐਲਡੀ ਦਾ ਅੰਤਰ ਹੈ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਜ਼ੀਰਕਪੁਰ ਅਤੇ ਖਰੜ ਵਿਚ 17 ਐਮਐਲਡੀ ਅਤੇ 10 ਐਮਐਲਡੀ ਦੇ ਨਵੇਂ ਐਸਟੀਪੀ ਬਣਾਉਣ ਦਾ ਕੰਮ ਚੱਲ ਰਿਹਾ ਹੈ। 

ਸੂਤਰਾਂ ਅਨੁਸਾਰ ਜ਼ੀਰਕਪੁਰ ਅਤੇ ਖਰੜ ਦੀਆਂ ਨਗਰ ਕੌਂਸਲਾਂ ਵੱਲੋਂ ਨਵੇਂ ਪ੍ਰਾਜੈਕਟਾਂ ਅਤੇ ਬਿਲਡਿੰਗ ਪਲਾਨ ਨੂੰ ਮਨਜ਼ੂਰੀ ਦੇਣ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸੀਵਰ ਲਾਈਨਾਂ ਵਿਚ ਟ੍ਰੀਟਡ/ਅਨ ਟ੍ਰੀਟਿਡ ਵਾਟਰ ਵੇਸਟ ਦੇ ਨਿਪਟਾਰੇ ਸਬੰਧੀ ਐਨ.ਓ.ਸੀ. ਵੀ ਦਿੱਤੀ ਜਾ ਰਹੀ ਹੈ।