ਸੁਲਤਾਨਵਿੰਡ ਰੋਡ ’ਤੇ 3 ਨਕਾਬਪੋਸ਼ਾਂ ਵੱਲੋਂ ਕੱਪੜੇ ਦੀ ਦੁਕਾਨ ’ਚ ਫਾਇਰਿੰਗ ਕਰ ਕੇ ਲੱਖਾਂ ਦੀ ਲੁੱਟ
ਪੁਲਿਸ ਨੇ ਕੀਤਾ ਮਾਮਲਾ ਦਰਜ, ਮੁਲਜ਼ਮ ਫ਼ਰਾਰ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਉੱਪਰ ਕੱਲ੍ਹ ਸ਼ਾਮ 3 ਨਕਾਬਪੋਸ਼ ਨੌਜਵਾਨਾਂ ਨੇ ਕੱਪੜੇ ਦੀ ਇੱਕ ਦੁਕਾਨ ਵਿੱਚ ਦਾਖ਼ਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ, ਤਿੰਨੇ ਨੌਜਵਾਨਾਂ ਨੇ ਮਾਸਕ ਪਾਇਆ ਹੋਇਆ ਸੀ। ਉਹ ਦੁਕਾਨ ਵਿੱਚ ਆਏ ਅਤੇ ਅੰਦਰ ਦਾਖ਼ਲ ਹੁੰਦੇ ਹੀ ਪਹਿਲਾਂ ਇੱਕ ਫਾਇਰ ਕੀਤਾ। ਫਾਇਰਿੰਗ ਨਾਲ ਦੁਕਾਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਦੁਕਾਨ ਦੇ ਗੱਲੇ ਵੱਲ ਵਧੇ ਅਤੇ ਉੱਥੋਂ ਲੱਖਾਂ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਪੂਰੀ ਵਾਰਦਾਤ ਕੈਦ ਹੋਈ ਹੈ, ਪਰ ਫਿਲਹਾਲ ਇਹ ਫੁੱਟੇਜ ਟੀਵੀਆਰ ਟੀਮ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਜਿਸ ਕਾਰਨ ਫੁੱਟੇਜ ਮੀਡੀਆ ਜਾਂ ਜਨਤਾ ਸਾਹਮਣੇ ਨਹੀਂ ਆ ਸਕੀ। ਜਾਣਕਾਰੀ ਦੇ ਮੁਤਾਬਕ, ਪੁਲਿਸ ਨੇ ਦੁਕਾਨ ਦੇ ਨੇੜੇ ਲੱਗੀਆਂ ਹੋਰ ਦੁਕਾਨਾਂ ਦੇ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਮੁਲਜ਼ਮਾਂ ਦੇ ਰੂਟ ਅਤੇ ਪਹਿਚਾਣ ਬਾਰੇ ਕਿਸੇ ਵੀ ਤਰ੍ਹਾਂ ਦਾ ਸੁਰਾਗ ਮਿਲ ਸਕੇ। ਇਸ ਘਟਨਾ ਨੂੰ ਲੈ ਕੇ ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਬੀ ਡਿਵੀਜ਼ਨ ਵਿੱਚ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਖਾਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਫਾਇਰਿੰਗ ਹੋਣ ਕਾਰਨ ਇਸ ਵਾਰਦਾਤ ਨੂੰ ਕਾਫ਼ੀ ਗੰਭੀਰ ਮੰਨਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਕੇ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਪੁਲਿਸ ਵੱਲੋਂ ਇਲਾਕੇ ਵਿੱਚ ਨਾਕੇ ਲਗਾ ਕੇ ਚੈਕਿੰਗ ਵੀ ਤੇਜ਼ ਕਰ ਦਿੱਤੀ ਗਈ ਹੈ। ਇਸ ਵਾਰਦਾਤ ਕਾਰਨ ਇਲਾਕੇ ਦੇ ਵਪਾਰੀਆਂ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ ਅਤੇ ਸੁਰੱਖਿਆ ’ਤੇ ਸਵਾਲ ਉਠਾ ਰਹੇ ਹਨ।