ਵੋਟ ਚੋਰੀ ਖਿਲਾਫ਼ 14 ਦਸੰਬਰ ਨੂੰ ਦਿੱਲੀ ਵਿੱਚ ਵਿਸ਼ਾਲ ਰੈਲੀ ਕਰੇਗੀ ਕਾਂਗਰਸ
ਪੰਜਾਬ ਤੋਂ ਵੋਟ ਚੋਰੀ ਵਿਰੁੱਧ ਲਗਭਗ 27 ਲੱਖ ਦਸਤਖ਼ਤ
ਚੰਡੀਗੜ੍ਹ: ਕਾਂਗਰਸ ਦੇਸ਼ ਵਿੱਚ ਵੋਟ ਚੋਰੀ ਖਿਲਾਫ ਰੋਸ ਪ੍ਰਗਟਾਉਣ ਲਈ 14 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਕਰੇਗੀ। ਇਸ ਤੋਂ ਪਹਿਲਾਂ, ਉਸੇ ਦਿਨ ਦੇਸ਼ ਭਰ ਤੋਂ ਵੋਟ ਚੋਰੀ ਵਿਰੁੱਧ ਪੰਜ ਕਰੋੜ ਦਸਤਖ਼ਤ ਕੀਤੇ ਫਾਰਮ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ।
ਇੱਥੇ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪੰਜਾਬ ਦੇ ਇੰਚਾਰਜ ਪਾਰਟੀ ਜਨਰਲ ਸਕੱਤਰ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਵਾਂਗ, ਪੰਜਾਬ ਵਿੱਚ ਵੀ ਭਾਜਪਾ ਦੀਆਂ ਵੋਟ ਚੋਰੀ ਦੀਆਂ ਕੋਝੀਆਂ ਕੋਸ਼ਿਸ਼ਾਂ ਖਿਲਾਫ ਭਾਰੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦੇਸ਼ ਭਰ ਤੋਂ ਪੰਜ ਕਰੋੜ ਦਸਤਖ਼ਤ ਇਕੱਠੇ ਕੀਤੇ ਹਨ ਅਤੇ ਇਕੱਲੇ ਪੰਜਾਬ ਤੋਂ ਹੀ ਲਗਭਗ 27 ਲੱਖ ਦਸਤਖ਼ਤ ਇਕੱਠੇ ਕੀਤੇ ਗਏ ਹਨ।
ਇਸ ਤੋਂ ਪਹਿਲਾਂ, ਬਘੇਲ ਨੇ ਨਵ-ਨਿਯੁਕਤ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹੋਰ ਗੱਲਾਂ ਦੇ ਨਾਲ-ਨਾਲ, ਨਵੇਂ ਜਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਵੋਟ ਚੋਰੀ ਵਿਰੁੱਧ ਦਿੱਲੀ ਵਿੱਚ ਹੋ ਰਹੀ 14 ਦਸੰਬਰ ਦੀ ਰੈਲੀ ਲਈ ਸਮਰਥਨ ਜੁਟਾਉਣ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਾਕੀ ਬਚੇ ਜਿਲ੍ਹਾ ਕਾਂਗਰਸ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਬਹੁਤ ਜਲਦੀ ਕੀਤੀਆਂ ਜਾਣਗੀਆਂ।
ਜਦਕਿ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਸੁਧਾਰਾਤਮਕ ਉਪਾਅ ਕੀਤੇ ਜਾਣਗੇ। ਇਸਦੇ ਨਾਲ ਹੀ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਮ ਤੌਰ ਤੇ ਸੱਤਾਧਾਰੀ ਪਾਰਟੀ ਜ਼ਿਆਦਾਤਰ ਜ਼ਿਮਨੀ ਚੋਣਾਂ ਜਿੱਤਦੀ ਹੈ। ਹਾਲਾਂਕਿ ਇਸਦੇ ਬਾਵਜੂਦ ਕਾਂਗਰਸ ਨੇ ਬਰਨਾਲਾ ਵਿੱਚ ਇੱਕ ਜਿਮਨੀ ਚੋਣ ਵੀ ਜਿੱਤੀ ਸੀ।
ਇਸੇ ਤਰ੍ਹਾਂ, ਬਿਹਾਰ ਦੇ ਨਤੀਜਿਆਂ ਬਾਰੇ, ਬਘੇਲ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਉੱਥੇ ਭਾਜਪਾ ਦਾ ਪੂਰਾ ਸਮਰਥਨ ਕੀਤਾ ਸੀ। ਜਿਸ ਬਾਰੇ ਇਹ ਦੱਸਿਆ ਗਿਆ ਹੈ ਕਿ ਕਿਵੇਂ 65 ਲੱਖ ਵੋਟਾਂ ਨੂੰ ਕੱਟ ਦਿੱਤਾ ਗਿਆ ਅਤੇ ਭਾਜਪਾ ਦੇ ਫਾਇਦੇ ਵਿੱਚ ਨਵੀਆਂ ਵੋਟਾਂ ਜੋੜੀਆਂ ਗਈਆਂ।
ਇਸ ਮੌਕੇ ਬਘੇਲ ਦੇ ਨਾਲ ਏ.ਆਈ.ਸੀ.ਸੀ ਸਕੱਤਰ ਸੂਰਜ ਸਿੰਘ ਠਾਕੁਰ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਪਾਰਟੀ ਆਗੂ ਵੀ ਹਾਜਰ ਸਨ।