ਰੇਲਵੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ
ਵਿਸ਼ੇਸ਼ ਕਾਰਵਾਈ ਦੌਰਾਨ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਇੱਕ ਵਿਅਕਤੀ ਕਾਬੂ
ਰਾਜਪੁਰਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਰੇਲਵੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਵੱਡੀ ਖੇਪ ਨਸ਼ੀਲੀਆਂ ਗੋਲੀਆਂ ਦੀ ਬਰਾਮਦ ਕੀਤੀ ਹੈ। ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ (IPS) ਸਪੈਸ਼ਲ ਡੀ.ਜੀ.ਪੀ. ਰੇਲਵੇਜ ਪੰਜਾਬ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅਮਰਪ੍ਰੀਤ ਸਿੰਘ ਘੁੰਮਣ (PPS) ਏ.ਆਈ.ਜੀ. ਰੇਲਵੇ ਪੰਜਾਬ ਅਤੇ ਗੁਰਦੀਪ ਸਿੰਘ (PPS) ਉਪ ਕਪਤਾਨ, ਜ਼ੋਨਲ ਜੀ.ਆਰ.ਪੀ. ਪਟਿਆਲਾ ਵੱਲੋਂ ਦਿੱਤੀਆਂ ਹਦਾਇਤਾਂ ਅਧੀਨ ਇਹ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ।
ਇਸ ਮੁਹਿੰਮ ਤਹਿਤ INSP ਜਤਿੰਦਰ ਸਿੰਘ, ਇੰਚਾਰਜ ਸੀ.ਆਈ.ਏ–2, ਜੀ.ਆਰ.ਪੀ. ਪੰਜਾਬ, ਸਮੇਤ ਪੂਰੇ ਸਟਾਫ ਨੇ ਰੇਲ ਗੱਡੀਆਂ ਅਤੇ ਮੁਸਾਫਿਰਾਂ ਦੀ ਪਾਰਦਰਸ਼ੀ ਢੰਗ ਨਾਲ ਲਗਾਤਾਰ ਚੈਕਿੰਗ ਕੀਤੀ। ਇਸ ਦੌਰਾਨ ਮਿਤੀ 20 ਨਵੰਬਰ ਨੂੰ ਰੇਲਵੇ ਸਟੇਸ਼ਨ ਰਾਜਪੁਰਾ ‘ਤੇ ਇੱਕ ਵਿਸ਼ੇਸ਼ ਕਾਰਵਾਈ ਦੌਰਾਨ ਪਰਮੋਦ ਸਿੰਘ, ਪੁੱਤਰ ਜੈ ਨਾਥ ਸਿੰਘ (ਪੁੱਤਰ ਲੇਟ ਸੀਤਾਰਾਮ ਸਿੰਘ), ਵਾਸੀ ਨਿਉ ਰੇਸ਼ਮ ਮਿੱਲ, ਬਿਰਲਾ ਨਗਰ ਨੇੜੇ ਆਸ਼ਾ ਬੇਕਰੀ, ਥਾਣਾ ਹਜੀਰਾ, ਜ਼ਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼), ਉਮਰ ਲਗਭਗ 28 ਸਾਲ ਨੂੰ ਕਾਬੂ ਕੀਤਾ ਗਿਆ।
ਪੁਲਿਸ ਨੇ ਉਸਦੇ ਕਬਜ਼ੇ ਤੋਂ 51,000 ਨਸ਼ੀਲੀਆਂ ਗੋਲੀਆਂ ਦੀ ਬਹੁਤ ਵੱਡੀ ਖੇਪ ਬਰਾਮਦ ਕੀਤੀ। ਇਸ ਸਬੰਧੀ NDPS ਐਕਟ ਦੀ ਧਾਰਾ 22/61/85 ਤਹਿਤ ਜੀ.ਆਰ.ਪੀ. ਪਟਿਆਲਾ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਪੁਲਿਸ ਮੁਤਾਬਕ, ਆਉਣ ਵਾਲੇ ਸਮੇਂ ਵਿੱਚ ਵੀ ਨਸ਼ਿਆਂ ਵਿਰੁੱਧ ਇਹ ਮੁਹਿੰਮ ਹੋਰ ਸਖ਼ਤੀ ਨਾਲ ਜਾਰੀ ਰਹੇਗੀ। ਜੀ.ਆਰ.ਪੀ. ਪੰਜਾਬ ਨੇ ਸਪਸ਼ਟ ਕੀਤਾ ਹੈ ਕਿ ਨਸ਼ਾ ਤਸਕਰੀ ਨਾਲ ਜੁੜੇ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ।