ਪਾਬੰਦੀਸ਼ੁਦਾ ਹਿੰਦੀ ਪੁਸਤਕ ‘ਸਿੱਖ ਇਤਿਹਾਸ’ ਦਾ ਮੁੱਦਾ ਵਾਰ ਵਾਰ ਉਠਾਉਣਾ ਸ਼ਰਾਰਤ ਭਰੀ ਕਾਰਵਾਈ: ਸ਼੍ਰੋਮਣੀ ਕਮੇਟੀ
1999 ਵਿਚ ਛਾਪੀ ਹਿੰਦੀ ਪੁਸਤਕ ‘ਸਿੱਖ ਇਤਿਹਾਸ’ ਦੇ ਮਾਮਲੇ ਨੂੰ ਬਿਨਾ ਵਜ੍ਹਾ ਤੂਲ ਦੇਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਕੁਝ ਲੋਕਾਂ ਵੱਲੋਂ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਜਾਣਬੁੱਝ ਕੇ ਨਿਸ਼ਾਨੇ ਉਤੇ ਲੈਣ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਨ੍ਹਾਂ ਤੋਂ ਸਿੱਖ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਬੀਤੇ ਦਿਨ ਕੁਝ ਵਿਦਵਾਨਾਂ ਵੱਲੋਂ ਇਤਿਹਾਸ ਦੀ ਉਸ ਪੁਸਤਕ ਦੀ ਚਰਚਾ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕੀਤਾ ਗਿਆ ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਬੈਨ ਕੀਤਾ ਹੋਇਆ ਹੈ।
ਇਸ ਸਬੰਧੀ ਗਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਅਜਿਹੇ ਲੋਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖ ਸੰਸਥਾ ਨੂੰ ਬਦਨਾਮ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ 1999 ਵਿਚ ਛਾਪੀ ਹਿੰਦੀ ਪੁਸਤਕ ‘ਸਿੱਖ ਇਤਿਹਾਸ’ ਦੇ ਮਾਮਲੇ ਨੂੰ ਬਿਨਾ ਵਜ੍ਹਾ ਤੂਲ ਦੇਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਦੋਂ ਹੀ ਵਾਪਸ ਲੈ ਲਿਆ ਗਿਆ ਸੀ ਜਦੋਂ ਇਸ ਪੁਸਤਕ ਵਿਚ ਕੁਝ ਇਤਰਾਜ਼ਯੋਗ ਤੱਥਾਂ ਬਾਰੇ ਸੰਗਤਾਂ ਵੱਲੋਂ ਇਤਰਾਜ਼ ਕੀਤੇ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ 23 ਨਵੰਬਰ 2007 ਨੂੰ ਜਨਰਲ ਇਜਲਾਸ ਦੌਰਾਨ ਇਕ ਵਿਸ਼ੇਸ਼ ਮਤਾ ਕਰਕੇ ਇਸ ਕਿਤਾਬ ’ਤੇ ਪਾਬੰਦੀ ਲਗਾਉਂਦਿਆਂ ਇਸ ਦੀਆਂ ਛਪੀਆਂ ਕਾਪੀਆਂ ਵਾਪਸ ਲੈ ਲਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਜੇ. ਡੀ. ਕਨਿੰਘਮ ਦੀ ਅੰਗਰੇਜ਼ੀ ਪੁਸਤਕ ‘ਦਾ ਹਿਸਟਰੀ ਆਫ ਸਿੱਖਜ਼’ ਦਾ ਹਿੰਦੀ ਅਨੁਵਾਦ ਸੀ, ਜਿਸ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ ਕੇਵਲ 300 ਦੀ ਗਿਣਤੀ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ।
ਇਸ ’ਤੇ ਇਤਰਾਜ਼ ਆਏ ਸਨ, ਜਿਸ ਦੇ ਮੱਦੇਨਜ਼ਰ ਪੁਸਤਕ ’ਤੇ ਪਾਬੰਦੀ ਲਗਾਈ ਗਈ ਸੀ ਅਤੇ ਇਸ ਸਬੰਧੀ 24 ਅਕਤੂਬਰ 2010 ਅਤੇ ਫਿਰ 11 ਅਗਸਤ 2018 ਨੂੰ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਛਪਾਏ ਗਏ ਸਨ।ਉਨ੍ਹਾਂ ਕਿਹਾ ਕਿ ਇਸ ਪੁਸਤਕ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਜੋ ਸਭ ਤੋਂ ਸੁਪਰੀਮ ਹੈ, ਵੱਲੋਂ ਮਤੇ ਰਾਹੀਂ ਜਨਤਕ ਤੌਰ ’ਤੇ ਗਲਤੀ ਪ੍ਰਵਾਨ ਕਰਦਿਆਂ ਕਿਤਾਬ ਰੱਦ ਕੀਤੀ ਸੀ, ਜਿਸ ਮਗਰੋਂ ਇਸ ਕਿਤਾਬ ਦਾ ਕੋਈ ਮਾਮਲਾ ਨਹੀਂ ਬਣਦਾ।