ਬਖ਼ਸ਼ੀ ਪਰਮਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਸਿੱਖ ਪੰਥ ’ਚ ਸੋਗ ਦੀ ਲਹਿਰ
ਬਖ਼ਸ਼ੀ ਪਰਮਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਸਿੱਖ ਪੰਥ ’ਚ ਸੋਗ ਦੀ ਲਹਿਰ
ਨਵੀਂ ਦਿੱਲੀ, 20 ਦਸੰਬਰ (ਸੁਖਰਾਜ ਸਿੰਘ): ਸਿੱਖ ਬ੍ਰਦਰਹੁਡ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਬਖਸ਼ੀ ਪਰਮਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਉਨ੍ਹਾਂ ਦੀ ਕਮੀ ਸਿੱਖ ਪੰਥ ਨੂੰ ਹਮੇਸ਼ਾ ਖੱਲਦੀ ਰਹੇਗੀ। ਸਿੱਖ ਪੰਥ ਦੀਆਂ ਵੱਖ-ਵੱਖ ਧਾਰਮਕ, ਸਮਾਜਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਬਖ਼ਸ਼ੀ ਪਰਮਜੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਇਥੇ ਦਸਣਯੋਗ ਗੱਲ ਹੈ ਕਿ ਬਖ਼ਸ਼ੀ ਪਰਮਜੀਤ ਸਿੰਘ ਟਕਸਾਲੀ ਅਕਾਲੀ ਆਗੂ ਬਖ਼ਸ਼ੀ ਜਗਦੇਵ ਸਿੰਘ ਦੇ ਸਪੁੱਤਰ ਸਨ।ਬਖਸ਼ੀ ਜਗਦੇਵ ਸਿੰਘ ਜਿਨ੍ਹਾਂ ਦੀ ਸਿੱਖ ਪੰਥ ਵਿਚ ਇੱਕ ਵੱਖਰੀ ਪਛਾਣ ਹੈ ਤੇ ਉਨ੍ਹਾਂ ਨੇ ਨਨਕਾਣਾ ਸਾਹਿਬ ਨੂੰ ਵੈਟੇਕਨ ਸਿਟੀ ਬਣਾਉਣ ਦੀ ਮੰਗ ਸਰਕਾਰ ਪਾਸੋਂ ਕੀਤੀ ਸੀ, ‘ਜੇ ਸਿੱਖ-ਸਿੱਖ ਨੂੰ ਮਾਰੇ ਤਾਂ ਕੌਮ ਕਦੇ ਨਾ ਹਾਰੇ’ ਵਰਗੇ ਅਨੇਕਾਂ ਸਲੋਗਨ ਦਿਤੇ। ਬਖ਼ਸ਼ੀ ਜਗਦੇਵ ਸਿੰਘ ਦੇ ਬਾਅਦ ਉਨ੍ਹਾਂ ਦੇ ਵਿਖਾਏ ਮਾਰਗ ’ਤੇ ਚੱਲਦਿਆਂ ਬਖ਼ਸ਼ੀ ਪਰਮਜੀਤ ਸਿੰਘ ਨੇ ਵਾਗਡੋਰ ਸੰਭਾਲੀ ਅਤੇ ਸਮੇਂ-ਸਮੇਂ ’ਤੇ ਅਨੇਕਾਂ ਪੰਥਕ ਮਸਲਿਆਂ ’ਤੇ ਆਵਾਜ਼ ਚੁੱਕੀ।ਹਾਲ ਹੀ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਹਰ ਵਰ੍ਹੇ ਦੀ ਤਰ੍ਹਾਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਮੰਗ ਪੱਤਰ ਸੌਂਪ ਕੇ ਨਨਕਾਣਾ ਸਾਹਿਬ ਨੂੰ ਵੈਟੇਕਨ ਸਿੱਟੀ ਬਣਾਉਣ ਦੀ ਮੰਗ ਨੂੰ ਦੁਹਰਾਇਆ।ਸ. ਬਖ਼ਸ਼ੀ ਦੇ ਮਿਰਤਕ ਸ਼ਰੀਰ ਦਾ ਸੰਸਕਾਰ ਪੂਸਾ ਰੋਡ ਸ਼ਮਸ਼ਾਨਘਾਟ ਵਿੱਖੇ ਬੀਤੇ ਦਿਨ ਕਰ ਕੀਤਾ ਗਿਆ।ਇਸ ਮੌਕੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਰਾਜਿੰਦਰ ਨਗਰ ਦੇ ਕੌਂਸਲਰ ਰਾਣਾ ਪਰਮਜੀਤ ਸਿੰਘ, ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਸੁਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਪੰਥਕ ਤੇ ਰਾਜਨੀਤਕ ਸ਼ਖਸੀਅਤਾਂ ਨੇ ਪੁੱਜ ਕੇ ਬਖ਼ਸ਼ੀ ਪਰਮਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ, ਜੱਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਭਾਜਪਾ ਆਗੂ ਅਨੁਰਾਗ ਠਾਕੁਰ, ਰਾਜੇਸ਼ ਭਾਟੀਆ, ਜੋਗਿੰਦਰ ਚੰਦੋਲੀਆ ਤੇ ਕਈ ਹੋਰ ਹਸਤੀਆਂ ਨੇ ਵੀ ਪਰਵਾਰਕ ਮੈਂਬਰਾਂ ਤੇ ਨਜਦੀਕੀ ਰਿਸਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ।